ਸੰਗਰੂਰ ਲੋਕ ਸਭਾ ਜਿਮਨੀ ਚੋਣ ਦੀ ਕਹਾਣੀ, ਅੰਕੜਿਆਂ ਦੀ ਜ਼ੁਬਾਨੀ

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅਸਤੀਫਾ ਦੇਣ ਤੋਂ ਬਾਅਦ ਖਾਲੀ ਹੋਈ ਸੰਗਰੂਰ ਲੋਕ ਸਭਾ ਸੀਟ ਦੀ 23 ਜੂਨ ਨੂੰ ਹੋਣ ਜਾ ਰਹੀ ਜਿਮਨੀ...

ਸੰਗਰੂਰ/ਬਰਨਾਲਾ(ਹਰਿੰਦਰ ਨਿੱਕਾ)- ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅਸਤੀਫਾ ਦੇਣ ਤੋਂ ਬਾਅਦ ਖਾਲੀ ਹੋਈ ਸੰਗਰੂਰ ਲੋਕ ਸਭਾ ਸੀਟ ਦੀ 23 ਜੂਨ ਨੂੰ ਹੋਣ ਜਾ ਰਹੀ ਜਿਮਨੀ ਚੋਣ ਲਈ ਸਾਰੀਆਂ ਸਿਆਸੀ ਧਿਰਾਂ ਨੇ ਚੋਣ ਪਿੜ ਵਿੱਚ ਨਿਤਰਨ ਲਈ ਆਪਣੇ ਪਰ ਤੋਲਣ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ। ਫਿਲਹਾਲ ਚੋਣ ਮੈਦਾਨ ਵਿੱਚ ਸ੍ਰੋਮਣੀ ਅਕਾਲੀ ਦਲ ਅਮ੍ਰਿਤਸਰ ਦੇ ਕੌਮੀ ਪ੍ਰਧਾਨ ਅਤੇ ਸਾਬਕਾ ਐਮ.ਪੀ. ਸਿਮਰਨਜੀਤ ਸਿੰਘ ਮਾਨ ,ਇਕੱਲਿਆਂ ਹੀ ਗੁਰਜ ਫੜ੍ਹਕੇ ਗੇੜਾ ਦੇ ਰਹੇ ਹਨ। ਜਦੋਂ ਕਿ ਪ੍ਰਮੁੱਖ ਰਾਜਸੀ ਧਿਰਾਂ ਆਮ ਆਦਮੀ ਪਾਰਟੀ, ਭਾਜਪਾ ਤੇ ਉਸਦੀਆਂ ਭਾਈਵਾਲ ਪਾਰਟੀਆਂ , ਕਾਂਗਰਸ ਅਤੇ ਅਕਾਲੀ ਦਲ+ਬਸਪਾ ਗੱਠਜੋੜ ਵੱਲੋਂ ਹਾਲੇ ਤੱਕ ਆਪਣੇ ਉਮੀਦਵਾਰਾਂ ਦੇ ਨਾਂਵਾਂ ਦਾ ਐਲਾਨ ਨਹੀਂ ਕੀਤਾ ਗਿਆ ਹੈ। ਦੇਰ-ਸਵੇਰ ਸਾਰੀਆਂ ਧਿਰਾਂ ਨੇ ਆਪਣੇ ਉਮੀਦਵਾਰਾਂ ਦੇ ਨਾਵਾਂ ਜਾਂ ਚੋਣ ਰਣਨੀਤੀ ਦਾ ਐਲਾਨ ਕਰ ਹੀ ਦੇਣਾ ਹੈ, ਪਰੰਤੂ ਉਮੀਦਵਾਰਾਂ ਦੇ ਐਲਾਨ ਤੋਂ ਪਹਿਲਾਂ, ਲੋਕ ਸਭਾ ਹਲਕੇ ਅਧੀਨ ਪੈਂਦੇ ਕੁੱਲ 9 ਵਿਧਾਨ ਸਭਾ ਹਲਕਿਆਂ ਅੰਦਰ ਲੰਘੀਆਂ ਵਿਧਾਨ ਸਭਾ ਚੋਣਾਂ ‘ਚ ਪਈਆਂ ਵੋਟਾਂ ਦੇ ਪੁਰਾਣੇ ਅੰਕੜਿਆਂ ਤੇ ਪੰਛੀ ਝਾਤ ਵੀ ਬੇਹੱਦ ਜਰੂਰੀ ਹੈ।  

ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੇ ਨਤੀਜਿਆਂ ਸਮੇਂ ਲੋਕਾਂ ਵੱਲੋਂ ਲਿਖੀ ਨਵੀਂ ਰਾਜਸੀ ਇਬਾਰਤ ਦੇ ਝੰਬੇ ਰਵਾਇਤੀ ਪਾਰਟੀਆਂ ਦੇ ਆਗੂ ਹਾਲੇ ਤੱਕ ਆਪਣੀ ਨਮੋਸ਼ੀਜਨਕ ਹਾਰ ਦੇ ਸਦਮੇ ‘ਚੋਂ ਉੱਭਰ ਵੀ ਨਹੀਂ ਸਕੇ ਸਨ ਕਿ ਭਾਰਤੀ ਚੋਣ ਕਮਿਸ਼ਨ ਨੇ ਲੋਕ ਸਭਾ ਦੀ ਜਿਮਨੀ ਚੋਣ ਦੇ ਪ੍ਰੋਗਰਾਮ ਦਾ ਐਲਾਨ ਵੀ ਕਰ ਦਿੱਤਾ। ਕੋਈ ਕੁੱਝ ਵੀ ਕਹੀ ਜਾਵੇ, ਪਰੰਤੂ ਸੱਚ ਇਹ ਹੀ ਹੈ ਕਿ ਚੋਣ ਦੇ ਐਲਾਨ ਨਾਲ ਸੱਤਾਧਾਰੀ ਆਮ ਆਦਮੀ ਪਾਰਟੀ ਸਣੇ, ਸਾਰੀਆਂ ਰਾਜਸੀ ਧਿਰਾਂ ਦੀਆਂ ਧੜਕਣਾਂ ਤੇਜ਼ ਹੋ ਗਈਆਂ ਹਨ। ਕੋਈ ਵੀ ਪਾਰਟੀ, ਇੱਨ੍ਹਾਂ ਛੇਤੀ, ਚੋਣ ਮੈਦਾਨ ਵਿੱਚ ਉੱਤਰਨ ਦੇ ਮੂਡ ਵਿੱਚ ਨਹੀਂ ਸੀ। ਇਸ ਦਾ ਅੰਦਾਜ਼ਾ ਇਸੇ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਕਿਸੇ ਵੀ ਰਾਜਸੀ ਧਿਰ ਨੇ, ਲੋਕਾਂ ਨਾਲ ਰਾਬਤਾ ਬਣਾਉਣ ਵੱਲ ਕੋਈ ਬਹੁਤਾ ਉੱਦਮ ਨਹੀਂ ਸੀ ਕੀਤਾ । ਨਤੀਜ਼ੇ ਵੱਜੋਂ ਹੁਣ ਸਾਰੀਆਂ ਧਿਰਾਂ ਨੂੰ ਹੀ ਗੱਲ ਪਿਆ ਢੋਲ ਵਜਾਉਣਾ ਪੈ ਰਿਹਾ ਹੈ। ਕਰੀਬ ਢਾਈ ਮਹੀਨੇ ਪਹਿਲਾਂ ਆਏ ਚੋਣ ਨਤੀਜਿਆਂ ਨੂੰ ਹੂਬਹੂ ਦੁਹਰਾਉਣਾ, ਬੇਸ਼ੱਕ ਆਪ ਆਦਮੀ ਪਾਰਟੀ ਲਈ ਵੀ ਦੂਰ ਦੀ ਕੌਡੀ ਬਣਿਆ ਹੋਇਆ ਹੈ। ਜਦੋਂਕਿ ਬਾਕੀ ਧਿਰਾਂ ਲਈ ਵੀ ਢਾਈ ਮਹੀਨੇ ਪਹਿਲਾਂ ਆਏ ਨਤੀਜਿਆਂ ਵਿੱਚ ਵੱਡਾ ਫੇਰਬਦਲ ਕਰ ਪਾਉਣਾ, ਕਿਸੇ ਕ੍ਰਿਸ਼ਮੇ ਤੋਂ ਘੱਟ ਨਹੀਂ ਹੋਵੇਗਾ।

ਵਿਧਾਨ ਸਭਾ ਹਲਕਿਆਂ ‘ਚ ਕਿਹੋ ਜਿਹੀ ਰਿਹੈ ਪਾਰਟੀਆਂ ਦੀ ਪ੍ਰਦਰਸ਼ਨ
ਤਿੰਨ ਜਿਲ੍ਹਿਆਂ ਸੰਗਰੂਰ,ਬਰਨਾਲਾ ਤੇ ਮਲੇਰਕੋਟਲਾ ਤੱਕ ਫੈਲੇ ਲੋਕ ਸਭਾ ਹਲਕਾ ਸੰਗਰੂਰ ਅੰਦਰ ਸੰਗਰੂਰ,ਦਿੜਬਾ, ਸੁਨਾਮ, ਲਹਿਰਾ, ਧੂਰੀ, ਮਲੇਰਕੋਟਲਾ,ਬਰਨਾਲਾ, ਮਹਿਲ ਕਲਾਂ ਅਤੇ ਭਦੌੜ  ਵਿਧਾਨ ਸਭਾ ਹਲਕੇ ਆਉਂਦੇ ਹਨ। ਇੱਨ੍ਹਾਂ ਸਾਰੇ ਹੀ ਹਲਕਿਆਂ ਤੇ ਆਪ ਦਾ ਕਬਜਾ ਹੈ। ਵਿਧਾਨ ਸਭਾ ਚੋਣ ਨਤੀਜਿਆਂ ਅਨੁਸਾਰ ਲੋਕ ਸਭਾ ਹਲਕੇ ‘ਚ ਆਪ ਨੂੰ ਰਿਕਾਰਡ ਤੋੜ 6 ਲੱਖ 45 ਹਜ਼ਾਰ 345 ਵੋਟਾਂ ਮਿਲੀਆਂ, ਜਦੋਂਕਿ ਹੁਣ ਮੁੱਖ ਵਿਰੋਧੀ ਧਿਰ ਕਾਂਗਰਸ ਨੂੰ 2 ਲੱਖ 16 ਹਜ਼ਾਰ, 315 ਵੋਟਾਂ, ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗੱਠਜੋੜ ਨੂੰ 1 ਲੱਖ 41 ਹਜ਼ਾਰ,450 ਵੋਟਾਂ , ਭਾਜਪਾ ਗੱਠਜੋੜ ਨੂੰ 85 ਹਜ਼ਾਰ 382 ਵੋਟਾਂ ਅਤੇ ਲੋਕ ਸਭਾ ਦੇ ਚੋਣ ਮੈਦਾਨ ਵਿੱਚ ਫਿਰ ਨਿੱਤਰੇ, ਸਾਬਕਾ ਲੋਕ ਸਭਾ ਮੈਂਬਰ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਨੂੰ ਦੀਪ ਸਿੱਧੂ ਦੀ ਹਾਦਸੇ ‘ਚ ਹੋਈ ਮੌਤ ਉਪਰੰਤ ਮਿਲੀ ਹਮਦਰਦੀ ਤੋਂ ਬਾਅਦ ਵੀ ਭਾਜਪਾ ਗੱਠਜੋੜ ਤੋਂ ਵੀ ਘੱਟ ਸਿਰਫ 75 ਹਜ਼ਾਰ 501 ਵੋਟਾਂ ਨਾਲ ਹੀ ਸਬਰ ਕਰਨਾ ਪਿਆ ਸੀ। ਬੇਸ਼ੱਕ ਖੁਦ ਸਿਮਰਨਜੀਤ ਸਿੰਘ ਮਾਨ ਨੂੰ ਅਮਰਗੜ੍ਹ ਵਿਧਾਨ ਸਭਾ ਹਲਕੇ ਤੋਂ 38 ਹਜ਼ਾਰ 480 ਵੋਟਾਂ ਮਿਲੀਆਂ ਸਨ, ਪਰੰਤੂ ਇਹ ਹਲਕਾ ਲੋਕ ਸਭਾ ਸੰਗਰੂਰ ਦਾ ਹਿੱਸਾ ਨਹੀਂ ਹੈ।

ਵਰਨਣਯੋਗ ਹੈ ਕਿ ਲੋਕ ਸਭਾ ਹਲਕੇ ਦੇ ਕੁੱਲ 9 ਵਿਧਾਨ ਸਭਾ ਹਲਕਿਆਂ ਵਿੱਚ ਇਕੱਲਿਆ ਆਪ ਨੂੰ 6 ਲੱਖ 45 ਹਜ਼ਾਰ 345 ਵੋਟਾਂ ਮਿਲੀਆਂ, ਜਦੋਂਕਿ ਬਾਕੀ ਸਾਰੀਆਂ ਰਾਜਸੀ ਧਿਰਾਂ ਨੂੰ ਪਈਆਂ ਕੁੱਲ ਵੋਟਾਂ ਦਾ ਜੋੜ ਵੀ 5 ਲੱਖ 18 ਹਜ਼ਾਰ 648 ਤੇ ਹੀ ਅਟਕ ਗਿਆ ਸੀ। ਸਾਰੀਆਂ ਧਿਰਾਂ ਦੀਆਂ ਕੁੱਲ ਵੋਟਾਂ ਦੇ ਜੋੜ ਤੋਂ ਵੀ ਆਪ ਨੂੰ 1 ਲੱਖ 26 ਹਜ਼ਾਰ 697 ਵੋਟਾਂ ਵੱਧ ਮਿਲੀਆਂ ਸਨ। ਬੇਸ਼ੱਕ ਹਰ ਚੋਣ, ਦੀਆਂ ਪ੍ਰਸਥਿਤੀਆਂ ਵੱਖ ਵੱਖ ਹੁੰਦੀਆਂ ਹਨ ਤੇ ਪੁਰਾਣੇ ਨਤੀਜਿਆਂ ਨੂੰ ਦੁਹਰਾਉਣਾ ਹਰ ਰਾਜਸੀ ਧਿਰ ਲਈ ਔਖਾ ਹੁੰਦਾ ਹੈ। ਪਰੰਤੂ ਫਿਰ ਵੀ ਅੰਕੜਿਆਂ ਅਨੁਸਾਰ, ਵਿਰੋਧੀ ਧਿਰਾਂ ਦਾ ਆਪ ਨਾਲ ਟਕਰਾਉਣਾ, ਪਹਾੜ ਨਾਲ ਮੱਥਾ ਲਾਉਣਾ ਹੀ ਜਾਪਦਾ ਹੈ।

Get the latest update about statistics, check out more about Online Punjabi News, Sangrur, Punjab News & Lok Sabha byelection

Like us on Facebook or follow us on Twitter for more updates.