ਜਿੱਥੇ ਦੇਸ਼ ਭਰ ਵਿਚ ਕੋਵਿਡ ਮਰੀਜ਼ ਵੈਂਟੀਲੇਟਰਾਂ ਅਤੇ ਬਣਾਉਟੀ ਆਕਸੀਜਨ ਵਰਗੀਆਂ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ, ਉੱਥੇ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਐਤਵਾਰ ਨੂੰ ਸੰਗਰੂਰ ਵਿਖੇ ਆਕਸੀਜਨ ਕੰਸੇਨਟ੍ਰੇਰਜ਼ ਅਤੇ ਵਾਇਟਲ ਮੈਜ਼ਰਮੈਂਟ ਮੋਨੀਟਰ ਨਾਲ ਲੈਸ ਇਕ 100 ਬੈੱਡ ਦੀ ਸਹੂਲਤ ਵਾਲੇ ‘ਕੋਵਿਡ ਵਾਰ-ਰੂਮ’ ਦੀ ਸਥਾਪਨਾ ਕਰਦਿਆਂ “ਜ਼ਿੰਮੇਵਾਰ ਸੰਗਰੂਰ” ਮੁਹਿੰਮ ਦੀ ਸ਼ੁਰੂਆਤ ਕੀਤੀ।
ਕੈਬਨਿਟ ਮੰਤਰੀ ਸ਼੍ਰੀ ਸਿੰਗਲਾ ਨੇ ਦੱਸਿਆ ਕਿ ਕੋਵਿਡ ਵਾਰ-ਰੂਮ ਵਿਚ ਇਨ੍ਹਾਂ 100 ਬੈੱਡਾਂ ਤੋਂ ਇਲਾਵਾ ਜ਼ਿਲ੍ਹੇ ਅੰਦਰ ਹੋਰਨਾਂ ਥਾਂਵਾਂ ‘ਤੇ ਉਪਲਬਧ ਬੈੱਡਾਂ ਦੀ ਗਿਣਤੀ, ਆਕਸੀਜਨ ਕੰਸੇਨਟ੍ਰੇਰਜ਼, ਪਲਾਜ਼ਮਾ ਦਾਨੀਆਂ, ਖੂਨ ਦੀ ਉਪਲਬਧਤਾ, ਟੀਕੇ ਅਤੇ ਦਵਾਈਆਂ ਦੇ ਮੱਦੇਨਜ਼ਰ ਚੌਵੀ ਘੰਟੇ ਜਾਣਕਾਰੀ ਤੇ ਲੋੜੀਂਦਾ ਸਹਾਇਤਾ ਮੁਹੱਈਆ ਕਰਵਾਏਗਾ। ਉਨ੍ਹਾਂ ਕਿਹਾ ਕਿ ਜ਼ਰੂਰਤ ਮੌਕੇ ਲੋਕਾਂ ਨੂੰ ਵਾਰ-ਰੂਮ ਤੋਂ ਸਾਰੀ ਸਹਾਇਤਾ ਵਾਰ-ਰੂਮ ਦੇ ਵੈਂਲਟੀਅਰਾਂ ਵੱਲੋਂ ਇਕੋ ਕਾਲ 'ਤੇ ਦਿੱਤੀ ਜਾਏਗੀ।
ਇਸ ਮੌਕੇ ਕੋਵਿਡ ਕੇਅਰ ਸੈਂਟਰ ਤੇ ਪੱਤਰਕਾਰਾਂ ਨਾਲ ਗੱਲ-ਬਾਤ ਕਰਦਿਆਂ ਸਿੰਗਲਾ ਨੇ ਕਿਹਾ, ਸੰਗਰੂਰ ਕੋਵਿਡ ਨੂੰ ਹਰਾਉਣ ਲਈ ਤਿਆਰ ਹੈ ਕਿਉਂਕਿ ਅਸੀਂ ਵੱਡੇ ਪੱਧਰ 'ਤੇ ਟੀਕਾ ਖਰੀਦ ਰਹੇ ਹਾਂ ਅਤੇ ਇਹ 100 ਬਿਸਤਰਿਆਂ ਦੀ ਸਹੂਲਤ ਵਾਲੀ ਇਮਾਰਤ ਹਲਕੇ ਤੋਂ ਦਰਮਿਆਨੇ ਮਰੀਜ਼ਾਂ ਦੇ ਰਹਿਣ ਅਤੇ ਇਲਾਜ ਲਈ ਬਣਾਈ ਗਈ ਹੈ। ਡਾਕਟਰੀ ਅਮਲਾ ਇੱਥੇ ਚੌਵੀ ਘੰਟੇ ਉਪਲਬਧ ਰਹੇਗਾ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਲਈ ਠੋਕਰਾਂ ਨਾ ਖਾਣੀਆਂ ਪੈਣ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਚੌਵੀ ਘੰਟੇ ਚੱਲਣ ਵਾਲੇ ਇਸ ਹਸਪਤਾਲ ਵਿਚ ਵਾਇਰਸ ਦੀ ਗੰਭੀਰਤਾ, ਕੋਵਿਡ ਪਾਜ਼ੇਟਿਵ ਵਿਅਕਤੀਆਂ ਦੀ ਸਿਹਤ ਦਾ ਜਾਇਜ਼ਾ ਅਤੇ ਇਲਾਜ ਵਿਚ ਉਨ੍ਹਾਂ ਦੀ ਮਦਦ ਹੋਵੇਗੀ।
ਸਿੰਗਲਾਂ ਨੇ ਕਿਹਾ, ਅਸੀਂ ਆਕਸੀਜਨ ਕੰਸੇਨਟ੍ਰੇਰਜ਼ ਨਾਲ ਲੈਸ ਤਿੰਨ ਕੋਵਿਡ ਮੈਡੀਕਲ ਵੈਨਾਂ ਵੀ ਸ਼ੁਰੂ ਕਰ ਰਹੇ ਹਾਂ ਜੋ ਪਾਜ਼ੇਟਿਵ ਮਰੀਜ਼ਾਂ ਨੂੰ ਉਨ੍ਹਾਂ ਦੇ ਘਰ ਜਾ ਕੇ ਉਨ੍ਹਾਂ ਨੂੰ ਇਲਾਜ ਲਈ ਕੋਵਿਡ ਕੇਅਰ ਸੈਂਟਰ ਲਿਜਾਣਗੀਆਂ। ਆਕਸੀਜਨ ਅੱਜਕੱਲ੍ਹ ਦੀ ਸਭ ਤੋਂ ਵੱਧ ਮੰਗੀ ਜਾਣ ਵਾਲੀ ਚੀਜ਼ ਹੈ ਅਤੇ ਅਸੀਂ ਸੰਗਰੂਰ ਵਿਚ ਸਾਰੀਆਂ ਡਾਕਟਰੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਇਕ ਆਕਸੀਜਨ ਪਲਾਂਟ ਸਥਾਪਤ ਕਰਨ ਦੀ ਪ੍ਰਕਿਰਿਆ ਵੀ ਸ਼ੁਰੂ ਕਰਵਾ ਰਹੇ ਹਾਂ।
ਸਿੰਗਲਾ ਨੇ ਜ਼ੋਰ ਦਿੰਦਿਆਂ ਕਿਹਾ ਕਿ ਇਹ ਮੇਰੀ ਜ਼ਿੰਮੇਵਾਰੀ ਹੈ ਕਿ ਸੰਕਟ ਦੀ ਇਸ ਘੜੀ ਵਿਚ ਲੋਕਾਂ ਦੀ ਸੇਵਾ ਕੀਤੀ ਜਾਵੇ।
ਮੰਤਰੀ ਨੇ ਇਹ ਵੀ ਕਿਹਾ, ਕਿ ਸਾਡੇ ਵਲੰਟੀਅਰਾਂ ਦੀ ਟੀਮ ਜ਼ਮੀਨੀ ਤੌਰ 'ਤੇ ਹਰ ਵੇਲੇ ਸਰਗਰਮ ਹੋਵੇਗੀ ਜੋ ਕੋਵਿਡ ਨਾਲ ਜੁੜੇ ਮੁੱਦਿਆਂ ਨੂੰ ਹੱਲ ਕਰੇਗੀ। ਉਨ੍ਹਾਂ ਅੱਗੇ ਕਿਹਾ ਕਿ ਪ੍ਰਸ਼ਾਸਨ ਜੰਗੀ ਪੱਧਰ 'ਤੇ ਸਿਹਤ ਸੰਬੰਧੀ ਬੁਨਿਆਦੀ ਢਾਂਚੇ ਦਾ ਵਿਸਥਾਰ ਕਰ ਰਿਹਾ ਹੈ ਤਾਂ ਜੋ ਤੀਜੀ ਕੋਵਿਡ ਲਹਿਰ ਨੂੰ ਸ਼ੁਰੂਆਤੀ ਪੜਾਅ ‘ਤੇ ਹੀ ਨਾਕਾਮ ਕੀਤਾ ਜਾ ਸਕੇ।
ਉਨ੍ਹਾਂ ਦੱਸਿਆ ਕਿ ਸਾਡੇ ਅੰਕੜੇ ਦਰਸਾਉਂਦੇ ਹਨ ਕਿ ਸੰਗਰੂਰ ਵਿਚ 1.28 ਲੱਖ ਤੋਂ ਵੱਧ ਲੋਕਾਂ ਨੂੰ ਟੀਕਾ ਲਗਾਇਆ ਗਿਆ ਹੈ ਜਿਸ ਵਿਚੋਂ 1.12 ਲੱਖ ਨੂੰ ਸਿੰਗਲ ਡੋਜ਼ ਦਿੱਤਾ ਗਿਆ ਹੈ, ਜਦੋਂਕਿ 16,383 ਨੂੰ ਟੀਕੇ ਦੀਆਂ ਦੋਵੇਂ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ।
ਜ਼ਿਕਰਯੋਗ ਹੈ ਕਿ ਇਸ ਵੇਲੇ, ਐਕਟਿਵ ਕੋਵਿਡ ਮਰੀਜ਼ਾਂ ਦੀ ਗਿਣਤੀ 1,829 ਹੈ। ਜ਼ਿਲ੍ਹੇ ਵਿਚ 12,009 ਕੋਵਿਡ ਪਾਜ਼ੇਟਿਵ ਮਰੀਜ਼ ਹਨ ਜਿਨ੍ਹਾਂ ਵਿਚੋਂ 9,639 ਠੀਕ ਹੋ ਗਏ ਅਤੇ 549 ਦੀ ਮੌਤ ਹੋ ਚੁੱਕੀ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਡਿਪਟੀ ਕਮਿਸ਼ਨਰ ਸੰਗਰੂਰ ਰਾਮਵੀਰ, ਸਿਵਲ ਸਰਜਨ ਡਾ. ਅੰਜਨਾ ਗੁਪਤਾ, ਐੈਸ.ਡੀ.ਐਮ. ਯਸ਼ ਪਾਲ ਸ਼ਰਮਾ, ਚੇਅਰਮੈਨ ਸਤੀਸ਼ ਕਾਂਸਲ, ਚੇਅਰਮੈਨ ਅਨਿਲ ਘੀਚਾ, ਚੇਅਰਮੈਨ ਨਰੇਸ਼ ਗਾਬਾ, ਵਾਇਸ ਚੇਅਰਮੈਨ ਮਹੇਸ਼ ਕੁਮਾਰ ਮੇਸ਼ੀ, ਡੀ.ਐਫ.ਪੀ.ਓ. ਡਾ. ਇੰਦਰਜੀਤ ਸਿੰਗਲਾ, ਅਮਰਜੀਤ ਸਿੰਘ ਟੀਟੂ, ਪਰਮਿੰਦਰ ਸ਼ਰਮਾ, ਵਿਜੇ ਗੁਪਤਾ, ਚੇਅਰਮੈਨ ਲੀਗਲ ਸੈੱਲ ਗੁਰਤੇਜ ਗਰੇਵਾਲ, ਡਾ. ਸੁਖਿਵੰਦਰ ਬਬਲਾ, ਰੌਕੀ ਬਾਂਸਲ, ਸੰਜੇ ਬਾਂਸਲ ਅਤੇ ਬਿੰਦਰ ਬਾਂਸਲ ਵੀ ਹਾਜ਼ਰ ਸਨ।
Get the latest update about school, check out more about education minister vijay inder singh, responsible sangrur campaign, true scoop & covid war room
Like us on Facebook or follow us on Twitter for more updates.