ਸੁੰਦਰ ਸ਼ਾਮ ਅਰੋੜਾ ਵੱਲੋਂ ਕੋਵਿਡ ਮਹਾਂਮਾਰੀ ਦੌਰਾਨ ਉਦਯੋਗਾਂ ਲਈ ਹਰ ਕਿਸਮ ਦੀ ਸਹਾਇਤਾ ਦੇਣ ਦਾ ਭਰੋਸਾ

ਕੋਵਿਡ ਦੀ ਦੂਜੀ ਲਹਿਰ ਦੇ ਬੁਰੇ ਪ੍ਰਭਾਵਾਂ ਨਾਲ ਨਜਿੱਠਣ ਦੇ ਮੱਦੇਨਜ਼ਰ, ਉਦਯੋਗਾਂ ਨੂੰ ਹਰ ਸੰਭਵ ਸਹਾਇਤਾ.......

ਕੋਵਿਡ ਦੀ ਦੂਜੀ ਲਹਿਰ ਦੇ ਬੁਰੇ ਪ੍ਰਭਾਵਾਂ ਨਾਲ ਨਜਿੱਠਣ ਦੇ ਮੱਦੇਨਜ਼ਰ, ਉਦਯੋਗਾਂ ਨੂੰ ਹਰ ਸੰਭਵ ਸਹਾਇਤਾ ਅਤੇ ਸਹਿਯੋਗ ਦਾ ਭਰੋਸਾ ਦਿੰਦਿਆਂ ਉਦਯੋਗ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਸਨਅਤਕਾਰਾਂ ਨੂੰ ਪ੍ਰਵਾਸੀ ਮਜ਼ਦੂਰਾਂ ਦੀ ਭਲਾਈ ਅਤੇ ਸੁਰੱਖਿਆ ਵਾਸਤੇ ਹਰ ਕਿਸਮ ਦੀ ਸਹੂਲਤ ਦੇਣ ਦੀ ਅਪੀਲ ਕੀਤੀ।

ਸ੍ਰੀ ਅਰੋੜਾ ਨੇ ਕਿਹਾ ਕਿ ਸੂਬੇ ਵਿਚ ਕੰਮ ਕਰ ਰਹੀਆਂ ਸਾਡੀਆਂ ਉਦਯੋਗਿਕ ਇਕਾਈਆਂ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਕੋਵਿਡ ਮਹਾਂਮਾਰੀ ਦੌਰਾਨ ਸਾਲ 2020 ਵਿੱਚ ਵੀ ਪੂਰਾ ਸਮਰਥਨ ਦਿੱਤਾ ਅਤੇ ਪੰਜਾਬ ਵਿਚ ਉਦਯੋਗ ਖੇਤਰ ਨੂੰ ਕੋਵਿਡ ਸੰਕਟ ਦਾ ਮੁਕਾਬਲਾ ਕਰਨ ਯੋਗ ਬਣਾਇਆ। ਇੱਥੇ ਹੀ ਬਸ ਨਹੀਂ ਸਗੋਂ ਪੰਜਾਬ ਦੇ ਉਦਯੋਗਿਕ ਖੇਤਰ ਨੇ ਦੇਸ਼ ਲਈ ਲੋੜੀਂਦੀਆਂ ਪੀ.ਪੀ.ਈ. ਕਿੱਟਾਂ ਅਤੇ ਮਾਸਕ ਦਾ ਉਤਪਾਦਨ ਵੀ ਕੀਤਾ। 

ਗੰਭੀਰ ਸੰਕਟ ਸਮੇਂ ਉਦਯੋਗਾਂ ਦੀ ਬੇਮਿਸਾਲ ਭੂਮਿਕਾ ਦੀ ਸ਼ਲਾਘਾ ਕਰਦਿਆਂ ਸ੍ਰੀ ਅਰੋੜਾ ਨੇ ਕਿਹਾ ਕਿ ਮੌਜੂਦਾ ਸਾਲ ਦੌਰਾਨ ਮੈਡੀਕਲ ਆਕਸੀਜਨ ਦੀ ਨਿਰਵਿਘਨ ਸਪਲਾਈ ਨੂੰ ਯਕੀਨੀ ਬਣਾਉਣ ਲਈ ਉਦਯੋਗਿਕ ਇਕਾਈਆਂ ਮੈਡੀਕਲ ਆਕਸੀਜਨ ਦਾ ਨਿਰਮਾਣ ਕਰਨ ਲਈ ਅੱਗੇ ਆਈਆਂ ਹਨ।

ਉਨ੍ਹਾਂ ਕਿਹਾ ਕਿ ਸਾਰੇ ਜ਼ਿਲ੍ਹਿਆਂ ਵਿੱਚ ਬਹੁਤ ਸਾਰੀਆਂ ਉਦਯੋਗਿਕ ਇਕਾਈਆਂ ਪ੍ਰਵਾਸੀ ਉਦਯੋਗਿਕ ਕਾਮਿਆਂ ‘ਤੇ ਨਿਰਭਰ ਹਨ ਅਤੇ ਇਹ ਤਸੱਲੀ ਵਾਲੀ ਗੱਲ ਹੈ ਕਿ ਸੂਬੇ ਵਿੱਚੋਂ ਪ੍ਰਵਾਸੀ ਮਜ਼ਦੂਰਾਂ ਦੀ ਆਵਾਜਾਈ ਦੀ ਕੋਈ ਖ਼ਬਰ ਨਹੀਂ ਆਈ, ਜੋ ਕਿ ਦੂਜੇ ਰਾਜਾਂ ਵਿੱਚ ਦੇਖਣ ਨੂੰ ਮਿਲ ਰਿਹਾ ਹੈ।

ਉਨ੍ਹਾਂ ਸਨਅਤਕਾਰਾਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ ਦੇ ਇਸ ਮੁਸ਼ਕਲ ਸਮੇਂ ਆਪਣੇ ਪ੍ਰਵਾਸੀ ਕਾਮਿਆਂ ਸਮੇਤ ਆਪਣੇ ਸਾਰੇ ਕਰਮਚਾਰੀਆਂ ਦੀ ਦੇਖਭਾਲ ਕਰਨ ਅਤੇ ਸਾਰੇ ਉਦਯੋਗਿਕ ਕਾਮਿਆਂ ਨੂੰ ਕੋਵਿਡ ਮਹਾਂਮਾਰੀ ਦੇ ਫੈਲਾਅ ਨੂੰ ਰੋਕਣ ਲਈ ਜਲਦੀ ਤੋਂ ਜਲਦੀ ਕੋਵਿਡ ਦਾ ਟੀਕਾ ਲਗਵਾਉਣ।

ਸ੍ਰੀ ਅਰੋੜਾ ਨੇ ਉਦਯੋਗਿਕ ਖੇਤਰ ਨੂੰ ਭਰੋਸਾ ਦਿੱਤਾ ਕਿ ਸੂਬਾ ਸਰਕਾਰ ਮੌਜੂਦਾ ਕੋਵਿਡ ਮਹਾਂਮਾਰੀ ਵਿੱਚ ਉਨ੍ਹਾਂ ਦੇ ਨਿਰਵਿਘਨ ਕੰਮਕਾਜ ਲਈ ਉਦਯੋਗ ਨੂੰ ਹਰ ਸੰਭਵ ਸਹਾਇਤਾ ਅਤੇ ਸਹੂਲਤ ਦੇਣ ਲਈ ਵਚਨਬੱਧ ਹੈ।

ਜ਼ਿਕਰਯੋਗ ਹੈ ਕਿ ਪੰਜਾਬ ਸਮੇਤ ਦੇਸ਼ ਭਰ ਵਿਚ ਕੋਵਿਡ ਦੇ ਕੇਸ ਤੇਜ਼ੀ ਨਾਲ ਵੱਧ ਰਹੇ ਹਨ। ਸੂਬਾ ਸਰਕਾਰ ਨੇ ਸੋਮਵਾਰ ਨੂੰ ਸਖ਼ਤ ਬੰਦਸ਼ਾਂ ਦਾ ਆਦੇਸ਼ ਦਿੱਤਾ ਜਿਸ ਵਿਚ ਨਾਈਟ ਕਰਫਿਊ ਦਾ ਸਮਾਂ ਵਧਾਉਣਾ (ਸ਼ਾਮ 8 ਵਜੇ ਤੋਂ ਸਵੇਰੇ 5 ਵਜੇ), ਸਾਰੇ ਬਾਰ, ਸਿਨੇਮਾ ਹਾਲ, ਜਿੰਮ, ਸਪਾ, ਕੋਚਿੰਗ ਸੈਂਟਰ, ਸਪੋਰਟਸ ਕੰਪਲੈਕਸ ਬੰਦ ਕਰਨਾ ਸ਼ਾਮਲ ਹੈ ਅਤੇ ਇਸ ਦੇ ਨਾਲ ਹੀ  ਰੈਸਟੋਰੈਂਟਾਂ ਅਤੇ ਹੋਟਲਾਂ ਨੂੰ ਸੋਮਵਾਰ ਤੋਂ ਸ਼ਨੀਵਾਰ ਤੱਕ ਸਿਰਫ਼ ਟੇਕਵੇਅ ਅਤੇ ਹੋਮ ਡਿਲਿਵਰੀ ਲਈ ਖੋਲ੍ਹਿਆ ਜਾਵੇਗਾ।

Get the latest update about sunder sham arora, check out more about true scoop news, punjab, covid epidemic & true scoop

Like us on Facebook or follow us on Twitter for more updates.