ਪੁਲਸ ਕਮਿਸ਼ਨਰ ਵੱਲੋਂ ਲੋਕਾਂ ਨੂੰ ਕੋਵਿਡ ਸਬੰਧੀ ਢੁੱਕਵੇਂ ਵਿਵਹਾਰ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਅਪੀਲ

ਕੋਵਿਡ ਸਬੰਧੀ ਢੁੱਕਵੇਂ ਵਿਵਹਾਰ ਦੀ ਇੰਨ-ਬਿੰਨ ਪਾਲਣਾ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ...............

ਕੋਵਿਡ ਸਬੰਧੀ ਢੁੱਕਵੇਂ ਵਿਵਹਾਰ ਦੀ ਇੰਨ-ਬਿੰਨ ਪਾਲਣਾ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਕਮਿਸ਼ਨਰੇਟ ਪੁਲਸ ਵੱਲੋਂ ਮੰਗਲਵਾਰ ਨੂੰ 60 ਵਿਅਕਤੀਆਂ ਨੂੰ ਮਾਸਕ ਨਾ ਪਹਿਨਣ 'ਤੇ 60 ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ ਅਤੇ ਇਸ ਤੋਂ ਇਲਾਵਾ 159 ਟ੍ਰੈਫਿਕ ਚਲਾਨ ਵੀ ਜਾਰੀ ਕੀਤੇ। 

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਸਮੂਹ ਅਧਿਕਾਰੀਆਂ ਵੱਲੋਂ ਰਾਤ 8 ਵਜੇ ਤੋਂ ਬਾਅਦ ਰਾਤ ਦੇ ਕਰਫਿਊ ਨੂੰ ਸਹੀ ਢੰਗ ਨਾਲ ਲਾਗੂ ਕਰਨ ਲਈ ਲਗਾਏ ਗਏ ਵਿਸ਼ੇਸ਼ ਨਾਕਿਆਂ ਦੀ ਚੈਕਿੰਗ ਕੀਤੀ ਗਈ ।

ਉਨ੍ਹਾਂ ਕਿਹਾ ਕਿ ਲਾਗ ਦੇ ਤਾਜ਼ਾ ਮਾਮਲਿਆਂ ਨੂੰ ਦੇਖਦਿਆਂ  ਰੋਜ਼ਾਨਾ ਦੇ ਮਾਮਲਿਆਂ ਵਿਚ ਕੋਵਿਡ -19 ਪ੍ਰੋਟੋਕੋਲ ਨੂੰ ਅਪਣਾਉਣਾ ਸਾਡੀ ਸਮੂਹਿਕ ਜ਼ਿੰਮੇਵਾਰੀ ਹੈ। ਉਨ੍ਹਾਂ ਸਮੂਹ ਨਾਗਰਿਕਾਂ ਨੂੰ ਕੋਵਿਡ -19 ਮਹਾਂਮਾਰੀ ਦੀ ਰੋਕਥਾਮ ਲਈ ਸੂਬਾ ਸਰਕਾਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਅਪੀਲ ਕੀਤੀ।

ਭੁੱਲਰ ਨੇ ਦੱਸਿਆ ਕਿ ਪੁਲਸ ਵੱਲੋਂ ਪਹਿਲਾਂ ਹੀ ਅਜਿਹੇ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਮੁਹਿੰਮ ਤੇਜ਼ ਕਰ ਦਿੱਤੀ ਗਈ ਹੈ ਅਤੇ ਹੁਣ ਤੱਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਰੰਭੇ ਗਏ ‘ਮਿਸ਼ਨ ਫ਼ਤਿਹ’ ਤਹਿਤ ਮਾਸਕ ਨਾ ਪਹਿਨਣ ਵਾਲੇ ਲੋਕਾਂ ਦੇ ਚਲਾਨ ਜਾਰੀ ਕੀਤੇ ਗਏ ਹਨ ਅਤੇ 23 ਮਾਰਚ, 2021 ਤੋਂ 20 ਅਪ੍ਰੈਲ, 2021 ਤੱਕ ਉਲੰਘਣਾ ਵਾਲੇ 2904 ਵਿਅਕਤੀਆਂ ਨੂੰ 29,04,000 ਰੁਪਏ ਜੁਰਮਾਨਾ ਲਗਾਇਆ ਗਿਆ ਹੈ।

ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਇਸ ਮਿਆਦ ਦੌਰਾਨ ਪੁਲਸ ਵਲੋਂ ਚਲਾਨ ਜਾਰੀ ਕਰਨ ਤੋਂ ਇਲਾਵਾ ਕਰਫਿਊ/ ਤਾਲਾਬੰਦੀ ਦੀਆਂ ਉਲੰਘਣਾਵਾਂ ਲਈ 92 ਐਫ.ਆਈ.ਆਰ. ਦਰਜ ਕੀਤੀਆਂ ਹਨ ਅਤੇ 110 ਵਿਅਕਤੀਆਂ ਨੂੰ ਇਨ੍ਹਾਂ ਕੇਸਾਂ ਵਿਚ ਗ੍ਰਿਫਤਾਰ ਕੀਤਾ ਗਿਆ, ਜਿਨ੍ਹਾਂ ਵਿੱਚੋਂ 23 ਐਫਆਈਆਰਜ਼ ਮਾਸਕ ਪਹਿਨਣ ਖਿਲਾਫ਼ ਦਰਜ ਕੀਤੀਆਂ ਗਈਆਂ ।

ਪੁਲਸ ਕਮਿਸ਼ਨਰ ਨੇ ਦੱਸਿਆ ਕਿ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਹੁਣ ਤੱਕ ਕੁੱਲ 6955 ਟ੍ਰੈਫਿਕ ਚਲਾਨ ਜਾਰੀ ਕੀਤੇ ਜਾ ਚੁੱਕੇ ਹਨ ਅਤੇ 54 ਵਾਹਨ ਜ਼ਬਤ ਕੀਤੇ ਗਏ ਹਨ। ਇਸੇ ਤਰ੍ਹਾਂ ਸਮਾਜਿਕ ਦੂਰੀ ਦੇ ਨਿਯਮਾਂ ਦੀ ਉਲੰਘਣਾ ਕਰਨ 'ਤੇ 18,500 ਰੁਪਏ ਜੁਰਮਾਨੇ ਦੇ ਨਾਲ 37 ਚਲਾਨ ਜਾਰੀ ਕੀਤੇ ਗਏ ਹਨ ਅਤੇ 23 ਆਟੋਜ਼ 'ਤੇ 11500 ਜੁਰਮਾਨਾ ਲਗਾਇਆ ਗਿਆ।

ਸ਼੍ਰੀ ਭੁੱਲਰ ਨੇ ਦੱਸਿਆ ਕਿ ਮਹਾਂਮਾਰੀ ਫੈਲਣ ਤੋਂ ਬਾਅਦ ਕਮਿਸ਼ਨਰੇਟ ਪੁਲਸ ਵੱਲੋਂ 1859 ਐਫ.ਆਈ.ਆਰ. ਦਰਜ ਕੀਤੀਆਂ ਗਈਆਂ ਹਨ ਅਤੇ 2508 ਵਿਅਕਤੀਆਂ ਨੂੰ ਕੋਵਿਡ -19 ਪ੍ਰੋਟੋਕਾਲਜ਼ ਦੀ ਉਲੰਘਣਾ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ 733 ਐਫ.ਆਈ.ਆਰ. ਮਾਸਕ ਨਾ ਪਹਿਨਣ ਵਾਲਿਆਂ ਖ਼ਿਲਾਫ਼ ਹਨ। ਉਨ੍ਹਾਂ ਦੱਸਿਆ ਕਿ 3.89 ਕਰੋੜ ਰੁਪਏ ਦੇ ਜੁਰਮਾਨੇ ਦੇ ਨਾਲ ਮਾਸਕ ਨਾ ਪਹਿਨਣ ਵਾਲਿਆਂ ਦੇ 67825 ਚਲਾਨ ਜਾਰੀ ਕੀਤੇ ਗਏ ਹਨ। 

ਪੁਲਸ ਕਮਿਸ਼ਨਰ ਨੇ ਲੋਕਾਂ ਨੂੰ ਲਾਜ਼ਮੀ ਤੌਰ 'ਤੇ ਮਾਸਕ ਪਹਿਨਣ ਅਤੇ ਕੋਵਿਡ -19 ਮਹਾਂਮਾਰੀ ਦੇ ਫੈਲਣ ਨੂੰ ਰੋਕਣ ਲਈ ਸਰਕਾਰ ਦੇ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਸਪਸ਼ਟ ਤੌਰ 'ਤੇ ਕਿਹਾ ਕਿ ਕੋਵਿਡ ਸਬੰਧੀ ਢੁੱਕਵੇਂ ਵਿਵਹਾਰ ਦੀ ਕਿਸੇ ਕਿਸਮ ਦੀ ਉਲੰਘਣਾ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ।

Get the latest update about commissioner, check out more about police, true scoop, true scoop news & punjab

Like us on Facebook or follow us on Twitter for more updates.