ਸੁਨੀਲ ਜਾਖੜ ਤੇ ਭੜਕੇ ਰਾਜਾ ਵੜਿੰਗ, ਕਿਹਾ, ''ਜਾਖੜ ਸਾਬ੍ਹ ! ਸੰਗਰੂਰ ਤੋਂ ਮੈਦਾਨ 'ਚ ਆਉ, ਮੈਂ ਲੜੂੰ ਤੁਹਾਡੇ ਮੁਕਾਬਲੇ ਚੋਣ...''

ਉਹਨਾ ਕਿਹਾ ਕਿ ਜੇਕਰ ਜਾਖੜ ਵਿੱਚ ਐਨੀ ਹਿੰਮਤ ਹੈ ਤਾਂ ਆਉਣ ਵਾਲੀਆਂ ਲੋਕ ਸਭਾ ਚੋਣਾ ਦੌਰਾਨ ਪੰਜਾਬ ਚ ਚੋਣ ਲੜਨ,ਜੇਕਰ ਮਾਂਜ ਕੇ ਨਾ ਭੇਜਿਆ ਤਾਂ ਵੜਿੰਗਾਂ ਦਾ ਪੁੱਤ ਨਾ ਕਿਹੋ । ਉਹਨਾ ਕਿਹਾ ਜਿਹੜੇ ਕੈਪਟਨ ਅਮਰਿੰਦਰ ਸਿੰਘ ਵਰਗੇ ਕਹਿੰਦੇ ਸੀ ਕਿ ਸਾਡੇ ਤੋਂ ਬਿਨਾਂ ਪੰਜਾਬ 'ਚ ਕਾਂਗਰਸ ਦਾ ਕੋਈ ਵਜੂਦ ਨਹੀਂ...

 ਬਰਨਾਲਾ:- ਅਸਲੀ ਵਰਕਰ ਚੰਗੇ-ਮਾੜੇ ਸਮੇਂ ਹਮੇਸ਼ਾ ਪਾਰਟੀ ਨਾਲ ਖੜ੍ਹੇ ਰਹਿੰਦੇ ਹਨ ਤੇ ਕਦੇ ਅਹੁਦਿਆਂ ਦੀ ਭੁੱਖ ਨਹੀਂ ਰੱਖਦੇ,ਪਰ ਅਹੁਦਿਆਂ ਦੀ ਭੁੱਖ ਰੱਖ ਕੇ ਸਰਕਾਰਾਂ ਸਮੇਂ ਅਹੁਦਿਆਂ ਦਾ ਸੁਆਦ ਲੈਣ ਵਾਲੇ, ਮਾੜੇ ਸਮੇਂ ਪਾਰਟੀ ਨੂੰ ਪਿੱਠ ਦਿਖਾ ਕੇ ਭੱਜ ਜਾਂਦੇ ਹਨ । ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਬਰਨਾਲਾ ਵਿਖੇ ਕਾਂਗਰਸੀ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ । ਉਨ੍ਹਾਂ ਸੁਨੀਲ ਜਾਖੜ ਦੇ ਪਾਰਟੀ ਛੱਡ ਦੇਣ ਬਾਰੇ ਕਿਹਾ , ਸਿਵਾਏ ਮੁੱਖ ਮੰਤਰੀ ਤੋਂ ਪਾਰਟੀ ਨੇ ਕੋਈ ਅਜਿਹਾ ਅਹੁਦਾ ਨਹੀਂ ਜੋ ਜਾਖੜ ਪਰਿਵਾਰ ਨੂੰ ਨਹੀਂ ਦਿੱਤਾ । ਪਰ ਵਿਰੋਧੀਆਂ ਨਾਲ ਮਿਲ ਕੇ ਜਾਖੜ ਨੇ ਕਾਂਗਰਸ ਪਾਰਟੀ ਦੀ ਪਿੱਠ ਛੁਰਾ ਮਾਰਿਆ ।
     
ਉਹਨਾ ਕਿਹਾ ਕਿ ਜੇਕਰ ਜਾਖੜ ਵਿੱਚ ਐਨੀ ਹਿੰਮਤ ਹੈ ਤਾਂ ਆਉਣ ਵਾਲੀਆਂ ਲੋਕ ਸਭਾ ਚੋਣਾ ਦੌਰਾਨ ਪੰਜਾਬ ਚ ਚੋਣ ਲੜਨ,ਜੇਕਰ ਮਾਂਜ ਕੇ ਨਾ ਭੇਜਿਆ ਤਾਂ ਵੜਿੰਗਾਂ ਦਾ ਪੁੱਤ ਨਾ ਕਿਹੋ । ਉਹਨਾ ਕਿਹਾ ਜਿਹੜੇ ਕੈਪਟਨ ਅਮਰਿੰਦਰ ਸਿੰਘ ਵਰਗੇ ਕਹਿੰਦੇ ਸੀ ਕਿ ਸਾਡੇ ਤੋਂ ਬਿਨਾਂ ਪੰਜਾਬ 'ਚ ਕਾਂਗਰਸ ਦਾ ਕੋਈ ਵਜੂਦ ਨਹੀਂ, ਉਹਨਾ ਦੀਆਂ ਪੰਜਾਬੀਆਂ ਨੇ ਜ਼ਮਾਨਤਾਂ ਜ਼ਬਤ ਕਰਵਾ ਦਿੱਤੀਆਂ ਤੇ ਉਸਨੂੰ ਪਹਿਲੀ ਵਾਰ ਚੋਣ ਲੜਕੇ, ਅਜੀਤਪਾਲ ਸਿੰਘ ਕੋਹਲੀ ਨੇ ਹੀ ਹਰਾ ਦਿੱਤਾ। ਉਹਨਾ ਕਿਹਾ ਕਿ ਕਾਂਗਰਸ ਪਾਰਟੀ ਨੂੰ ਰਾਜੇ-ਮਹਾਰਾਜੇ ਜਾਂ ਖਾਨਦਾਨੀ ਲੀਡਰਾਂ ਦੀ ਬਜਾਏ ਲੋਕਾਂ ਚ ਵਜੂਦ ਰੱਖਣ ਵਾਲੇ ਆਗੂਆਂ ਅਤੇ ਵਰਕਰਾਂ ਦੀ ਲੋੜ ਹੈ। ਉਹਨਾ ਕਿਹਾ ਕਿ ਕਾਂਗਰਸ ਪਾਰਟੀ ਲਈ ਮਿਹਨਤ ਕਰਨ ਵਾਲੇ ਹਰ ਵਰਕਰ ਨੂੰ ਪੂਰਾ ਮਾਣ-ਸਤਿਕਾਰ ਮਿਲੂਗਾ।

   
ਉਹਨਾ ਕਿਹਾ ਕਿ ਮੈਨੂੰ ਮਹਿਜ ਤਿੰਨ ਮਹੀਨੇ ਮੰਤਰੀ ਬਣਨ ਦਾ ਮੌਕਾ ਮਿਲਿਆ ਤਾਂ ਜਿੰਨਾ ਨੂੰ ਕੋਈ ਹੱਥ ਪਾਉਣ ਤੋਂ ਕੰਬਦਾ ਸੀ ,ਉਹਨਾਂ ਲਾਲ ਡਾਇਰੀ ਵਾਲਿਆਂ ਦੀਆਂ ਚੀਕਾਂ ਪਵਾ ਦਿੱਤੀਆਂ। ਉਹਨਾ ਕਿਹਾ ਕਿ ਦੁਨੀਆਂ ਤੇ ਨਾਮ 'ਅੜਨ' ਵਾਲਿਆਂ ਦੇ ਰਹਿੰਦੇ ਹਨ, ਚੌਧਰਾਂ ਕਰਨ ਵਾਲਿਆਂ ਦੇ ਨਹੀਂ । ਕਾਂਗਰਸ ਦੇ ਹਲਕਾ ਇੰਚਾਰਜ ਮੁਨੀਸ਼ ਬਾਂਸਲ ਦੇ ਮੋਢੇ ਤੇ ਹੱਥ ਰੱਖਕੇ ਵਿਅੰਗਮਈ ਅੰਦਾਜ਼ ਚ ਕਿਹਾ ਕਿ 'ਮਨੀਸ ਬਾਂਸਲ ਜੀ ਬਰਨਾਲੇ ਵਾਲਿਆਂ ਦੀ ਕੋਈ ਬਹੁਤੀ ਵੱਡੀ ਮੰਗ ਨਹੀਂ ਹੁੰਦੀ, ਇਹ ਤਾਂ ਲੰਮੇ ਸਮੇਂ ਤੋਂ ਲੀਡਰ ਨੂੰ ਮਿਲਣ ਤੋਂ ਵਾਂਝੇ ਰਹੇ ਹਨ, ਤੁਸੀਂ ਇਹਨਾਂ ਨੂੰ ਮਿਲਦੇ ਗਿਲਦੇ ਰਿਹਾ ਕਰੋ, ਅਗਲੀ ਵਾਰ ਆਹ ਆਪ ਵਾਲਿਆਂ ਨੂੰ ਕੂਕਿਆਂ ਦੇ ਡੋਲ ਵਾਂਗ ਮਾਂਜ ਦੇਣਗੇ। ਉਹਨਾ ਆਮ ਆਦਮੀ ਪਾਰਟੀ ਨੂੰ ਲਲਕਾਰਦਿਆਂ ਕਿਹਾ ਕਿ ਨਗਰ ਕੌਂਸਲ ਬਰਨਾਲਾ ਦਾ ਪ੍ਰਧਾਨ ਗੁਰਜੀਤ ਰਾਮਣਵਾਸੀਆਂ, ਕਾਂਗਰਸ ਪਾਰਟੀ ਦਾ ਹੈ । ਜੇਕਰ ਇਸ ਨਾਲ ਕਿਸੇ ਵੀ ਕਿਸਮ ਦੀ ਧੱਕੇਸ਼ਾਹੀ ਕੀਤੀ ਤਾਂ ਇੱਕੀਆਂ ਦੀ ਇਕੱਤੀ ਇਹੋ ਜਿਹੀ ਪਾਵਾਂਗੇ ਕਿ ਚੀਕਾਂ ਪੁਆ ਦਿਆਂਗੇ, ਉਨਾਂ ਕਿਹਾ ਕਿ ਪ੍ਰਧਾਨ ਜੀ, ਅੱਧੀ ਰਾਤ ਨੂੰ ਵੀ ਅਵਾਜ਼ ਦਿਉਂਗੇ, ਰਾਜਾ ਵੜਿੰਗ , 2 ਘੰਟਿਆਂ ਵਿੱਚ ਇੱਥੇ ਪਹੁੰਚ ਜਾਉ, ਗਿਦੜਬਹੇ ਅਤੇ ਚੰਡੀਗੜ੍ਹ ਤੋਂ ਬਰਨਾਲੇ ਆਉਣ ਤੇ ਸਿਰਫ 2 ਘੰਟੇ ਹੀ ਲੱਗਦੇ ਹਨ। ਉਹਨਾ ਕਿਹਾ ਕਿ ਸਮੁੱਚੀ ਕਾਂਗਰਸ , ਪ੍ਰਧਾਨ ਦੇ ਨਾਲ ਚਟਾਨ ਵਾਂਗ ਖੜ੍ਹੀ ਹੈ।

ਬਰਨਾਲਾ ਪਹੁੰਚਣ ਤੇ ਹਲਕਾ ਇੰਚਾਰਜ ਮਨੀਸ਼ ਬਾਂਸਲ ਵਲੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਬਰਨਾਲਾ ਦੀ ਸਮੁੱਚੀ ਕਾਂਗਰਸ ਉਹਨਾਂ ਦੇ ਨਾਲ ਖੜ੍ਹੀ ਹੈ। ਇਸ ਮੌਕੇ ਨਗਰ ਕੌਂਸਲ ਵੱਲੋਂ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ ਅਤੇ ਹੋਰ ਕਾਂਗਰਸੀ ਕੌਂਸਲਰਾਂ ਨੇ ਸਨਮਾਨਿਤ ਵੀ ਕੀਤਾ।

Get the latest update about punjab congress, check out more about barnala news, raja warring in barnala, sonia gandhi & raja warring

Like us on Facebook or follow us on Twitter for more updates.