'ਸ਼ਹੀਦ-ਏ-ਆਜ਼ਮ ਊਧਮ ਸਿੰਘ ਦੀ ਸ਼ਹਾਦਤ ਨੂੰ ਸਲਾਮ'

ਸਾਲ 1919, ਵਿਸਾਖੀ ਦਾ ਦਿਨ। ਪੰਜਾਬ ਦੇ ਅੰਮ੍ਰਿਤਸਰ ਵਿਚ ਹਜ਼ਾਰਾਂ ਦੀ ਤਾਦਾਦ ਵਿਚ ਲੋਕ ਇ...

ਸਾਲ 1919, ਵਿਸਾਖੀ ਦਾ ਦਿਨ। ਪੰਜਾਬ ਦੇ ਅੰਮ੍ਰਿਤਸਰ ਵਿਚ ਹਜ਼ਾਰਾਂ ਦੀ ਤਾਦਾਦ ਵਿਚ ਲੋਕ ਇਕ ਪਾਰਕ ਵਿਚ ਜਮਾ ਹੋਏ ਸਨ। ਰਾਲੇਟ ਐਕਟ ਤਹਿਤ ਕਾਂਗਰਸ ਦੇ ਸਤਿਆ ਪਾਲ ਅਤੇ ਸੈਫੂਦੀਨ ਕਿਚਲੂ ਨੂੰ ਅੰਗਰੇਜ਼ਾਂ ਨੇ ਗ੍ਰਿਫਤਾਰ ਕਰ ਲਿਆ ਸੀ। ਲੋਕ ਉੱਥੇ ਦੋਵਾਂ ਦੀ ਗ੍ਰਿਫਤਾਰੀ ਖਿਲਾਫ ਸ਼ਾਂਤੀ ਨਾਲ ਪ੍ਰਦਰਸ਼ਨ ਕਰ ਰਹੇ ਸਨ। ਜਨਰਲ ਡਾਇਰ ਆਪਣੀ ਫੌਜ ਨਾਲ ਉੱਥੇ ਆ ਪਹੁੰਚਿਆ ਅਤੇ ਘੇਰ ਲਿਆ ਪੂਰੇ ਬਾਗ ਨੂੰ। ਉਸ ਨੇ ਨਾ ਤਾਂ ਪ੍ਰਦਰਸ਼ਨਕਾਰੀਆਂ ਨੂੰ ਜਾਣ ਲਈ ਕਿਹਾ ਅਤੇ ਨਾ ਹੀ ਕੋਈ ਵਾਰਨਿੰਗ ਦਿੱਤੀ। ਡਾਇਰ ਨੇ ਬੱਸ ਇਕ ਕੰਮ ਕੀਤਾ। ਆਪਣੀ ਫੌਜ ਨੂੰ ਫਾਇਰਿੰਗ ਕਰਨ ਦਾ ਆਰਡਰ ਦੇ ਦਿੱਤਾ।

ਫਿਰ ਸ਼ੁਰੂ ਹੋਇਆ ਕਤਲਕਾਂਡ। ਅੰਗਰੇਜ਼ਾਂ ਨੇ ਉਨ੍ਹਾਂ ਮਾਸੂਮ ਲੋਕਾਂ ਉੱਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ। ਉਸ ਫਾਇਰਿੰਗ ਵਿਚ ਬਹੁਤ ਲੋਕਾਂ ਦੀਆਂ ਜਾਨਾਂ ਗਈਆਂ। ਬਾਗ ਦਾ ਇਕਲੌਤਾ ਐਗਜ਼ਿਟ ਗੇਟ ਅੰਗਰੇਜ਼ਾਂ ਨੇ ਬੰਦ ਕਰ ਰੱਖਿਆ ਸੀ। ਲੋਕ ਬਚਨ ਲਈ ਪਾਰਕ ਦੀ ਕੰਧ ਉੱਤੇ ਚੜ੍ਹਣ ਲੱਗੇ। ਕੁਝ ਨੇ ਜਾਨ ਬਚਾਉਣ ਲਈ ਖੂਹ ਵਿਚ ਛਾਲ ਮਾਰ ਦਿੱਤੀ। ਗੋਰਿਆਂ ਦੀ ਇਸ ਹਰਕੱਤ ਨਾਲ ਸਭ ਗੁੱਸੇ ਵਿਚ ਬੈਠੇ ਸਨ। ਪਰ ਇਸ ਘਟਨਾ ਤੋਂ ਬਾਅਦ ਇਕ ਇਨਸਾਨ ਸੀ, ਜੋ ਇੰਨਾ ਜ਼ਿਆਦਾ ਗੁੱਸੇ ਵਿਚ ਸੀ ਕਿ ਉਸ ਨੇ ਜਨਰਲ ਡਾਇਰ ਨੂੰ ਕਤਲ ਕਰਨ ਦਾ ਮਨ ਬਣਾ ਲਿਆ। ਇਹ ਸਨ ਸਰਦਾਰ ਊਧਮ ਸਿੰਘ। ਆਓ ਨਜ਼ਰ ਪਾਉਂਦੇ ਹਾਂ ਊਧਮ ਸਿੰਘ ਦੀ ਜ਼ਿੰਦਗੀ ਨਾਲ ਜੁੜੇ ਕੁਝ ਕਿੱਸਿਆਂ ਉੱਤੇ।
 
1. ਜਨਮ ਤੋਂ ਲੈ ਕੇ ਯਤੀਮਖ਼ਾਨੇ ਤੱਕ
ਸਰਦਾਰ ਊਧਮ ਸਿੰਘ 26 ਦਸੰਬਰ 1899 ਨੂੰ ਪੰਜਾਬ ਦੇ ਸੰਗਰੂਰ ਜ਼ਿਲੇ ਦੇ ਸੁਨਾਮ ਪਿੰਡ ਵਿਚ ਪੈਦਾ ਹੋਏ। ਪਿਤਾ ਸਰਦਾਰ ਤੇਹਾਲ ਸਿੰਘ ਜੰਮੂ ਉਪੱਲੀ ਪਿੰਡ ਵਿਚ ਰੇਲਵੇ ਚੌਂਕੀਦਾਰ ਸਨ। ਪਿਤਾ ਨੇ ਨਾਮ ਦਿੱਤਾ ਸ਼ੇਰ ਸਿੰਘ। ਇਨ੍ਹਾਂ ਦੇ ਇਕ ਭਰਾ ਵੀ ਸਨ, ਮੁਖਤਾ ਸਿੰਘ। ਸੱਤ ਸਾਲ ਦੀ ਉਮਰ ਵਿਚ ਊਧਮ ਸਿੰਘ ਯਤੀਮ ਹੋ ਗਏ। ਪਹਿਲਾਂ ਮਾਤਾ ਜੀ ਚਲੇ ਗਏ ਅਤੇ ਉਸ ਦੇ 6 ਸਾਲ ਬਾਅਦ ਪਿਤਾ ਜੀ। ਮਾਂ-ਬਾਪ ਦੇ ਮਰਨ ਤੋਂ ਬਾਅਦ ਦੋਵਾਂ ਨੂੰ ਅੰਮ੍ਰਿਤਸਰ ਦੇ ਸੈਂਟਰਲ ਖਾਲਸਾ ਯਤੀਮਖ਼ਾਨੇ ਵਿੱਚ ਭੇਜ ਦਿੱਤਾ ਗਿਆ।

ਉੱਥੇ ਲੋਕਾਂ ਨੇ ਦੋਵਾਂ ਭਰਾਵਾਂ ਨੂੰ ਨਵਾਂ ਨਾਮ ਦਿੱਤਾ। ਸ਼ੇਰ ਸਿੰਘ ਬਣ ਗਏ ਊਧਮ ਸਿੰਘ ਅਤੇ ਮੁਖਤਾ ਸਿੰਘ ਬਣ ਗਏ ਸਾਧੂ ਸਿੰਘ।  ਸਰਦਾਰ ਊਧਮ ਸਿੰਘ ਨੇ ਭਾਰਤੀ ਸਮਾਜ ਦੀ ਏਕਤਾ ਲਈ ਆਪਣਾ ਨਾਮ ਬਦਲਕੇ ਰਾਮ ਮੁਹੰਮਦ ਸਿੰਘ ਆਜ਼ਾਦ ਰੱਖ ਲਿਆ ਸੀ, ਜੋ ਭਾਰਤ ਦੇ ਤਿੰਨ ਪ੍ਰਮੁੱਖ ਧਰਮਾਂ ਦਾ ਪ੍ਰਤੀਕ ਹੈ। 

ਸਾਲ 1917 ਵਿਚ ਸਾਧੂ ਸਿੰਘ ਦੀ ਵੀ ਮੌਤ ਹੋ ਗਈ। 1918 ਵਿਚ ਊਧਮ ਨੇ ਮੈਟਰਿਕ ਦੀ ਪ੍ਰੀਖਿਆ ਪਾਸ ਕੀਤੀ। ਸਾਲ 1919 ਵਿਚ ਉਨ੍ਹਾਂ ਨੇ ਯਤੀਮਖ਼ਾਨਾ ਛੱਡ ਦਿੱਤਾ।

2. ਜਲਿਆਂਵਾਲਾ ਬਾਗ ਸਾਕਾ ਅਤੇ ਉਨ੍ਹਾਂ ਦੀ ਸਹੁੰ
ਊਧਮ ਸਿੰਘ ਦੇ ਸਾਹਮਣੇ ਹੀ 13 ਅਪ੍ਰੈਲ 1919 ਨੂੰ ਜਲਿਆਂਵਾਲਾ ਬਾਗ ਕਤਲਕਾਂਡ ਹੋਇਆ ਸੀ। ਉਨ੍ਹਾਂ ਨੇ ਆਪਣੀਆਂ ਅੱਖਾਂ ਨਾਲ ਡਾਇਰ ਦੀ ਕਰਤੂਤ ਵੇਖੀ ਸੀ। ਉਹ ਗਵਾਹ ਸਨ, ਉਨ੍ਹਾਂ ਹਜ਼ਾਰਾਂ ਭਾਰਤੀਆਂ ਦੀ ਹੱਤਿਆ ਦੇ, ਜੋ ਜਨਰਲ ਡਾਇਰ ਦੇ ਹੁਕਮ ਉੱਤੇ ਗੋਲੀਆਂ ਦੇ ਸ਼ਿਕਾਰ ਹੋਏ ਸਨ। ਇੱਥੇ ਊਧਮ ਸਿੰਘ ਨੇ ਜਲਿਆਂਵਾਲਾ ਬਾਗ ਦੀ ਮਿੱਟੀ ਹੱਥ ਵਿਚ ਲੈ ਕੇ ਜਨਰਲ ਡਾਇਰ ਅਤੇ ਤੱਤਕਾਲੀ ਪੰਜਾਬ ਦੇ ਗਰਵਨਰ ਮਾਇਕਲ ਓ’ ਡਵਾਇਰ ਨੂੰ ਸਬਕ ਸਿਖਾਉਣ ਦੀ ਸਹੁੰ ਲਈ। ਇਸ ਤੋਂ ਬਾਅਦ ਉਹ ਕ੍ਰਾਂਤੀਕਾਰੀਆਂ ਦੇ ਨਾਲ ਸ਼ਾਮਿਲ ਹੋ ਗਏ। 

ਸਰਦਾਰ ਊਧਮ ਸਿੰਘ ਕ੍ਰਾਂਤੀਕਾਰੀਆਂ ਤੋਂ ਚੰਦਾ ਇਕੱਠਾ ਕਰ ਕੇ ਦੇਸ਼ ਦੇ ਬਾਹਰ ਚਲੇ ਗਏ। ਉਨ੍ਹਾਂ ਨੇ ਦੱਖਣ ਅਫਰੀਕਾ, ਜ਼ਿੰਬਾਬਵੇ, ਬ੍ਰਾਜ਼ੀਲ ਅਤੇ ਅਮਰੀਕਾ ਦੀ ਯਾਤਰਾ ਕਰ ਕੇ ਕ੍ਰਾਂਤੀ ਲਈ ਖੂਬ ਸਾਰੇ ਪੈਸੇ ਇਕੱਠੇ ਕੀਤੇ। ਇਸ ਵਿਚ ਦੇਸ਼ ਦੇ ਵੱਡੇ ਕ੍ਰਾਂਤੀਵਾਦੀ ਇਕ-ਇਕ ਕਰ ਕੇ ਅੰਗਰੇਜ਼ਾਂ ਨਾਲ ਲੜਦੇ ਹੋਏ ਜਾਨ ਦਿੰਦੇ ਰਹੇ। ਅਜਿਹੇ ਵਿਚ ਉਨ੍ਹਾਂ ਦੇ ਲਈ ਅੰਦੋਲਨ ਚਲਾਉਣਾ ਮੁਸ਼ਕਿਲ ਹੋ ਰਿਹਾ ਸੀ। ਪਰ ਉਹ ਆਪਣੀ ਸਹੁੰ ਪੂਰੀ ਕਰਨ ਲਈ ਮਿਹਨਤ ਕਰਦੇ ਰਹੇ। ਊਧਮ ਸਿੰਘ ਦੇ ਲੰਡਨ ਪੁੱਜਣ ਤੋਂ ਪਹਿਲਾਂ ਜਨਰਲ ਡਾਇਰ ਰੋਗ ਦੇ ਚਲਦੇ ਮਰ ਗਿਆ ਸੀ। ਅਜਿਹੇ ਵਿਚ ਉਨ੍ਹਾਂ ਨੇ ਆਪਣਾ ਪੂਰਾ ਧਿਆਨ ਮਾਇਕਲ ਓ’ ਡਵਾਇਰ ਨੂੰ ਮਾਰਨ ਉੱਤੇ ਲਗਾਇਆ ਅਤੇ ਉਸ ਨੂੰ ਪੂਰਾ ਕੀਤਾ।

3. ਭਗਤ ਸਿੰਘ ਦੇ ਫੈਨ
ਊਧਮ ਸਿੰਘ ਨੂੰ ਭਗਤ ਸਿੰਘ  ਬਹੁਤ ਪਸੰਦ ਸਨ। ਉਨ੍ਹਾਂ ਦੇ ਕੰਮ ਤੋਂ ਊਧਮ ਬਹੁਤ ਉਤਸ਼ਾਹਿਤ ਸਨ। ਭਗਤ ਸਿੰਘ ਨੂੰ ਉਹ ਆਪਣਾ ਗੁਰੂ ਮੰਣਦੇ ਸਨ। ਸਾਲ 1935 ਵਿੱਚ ਜਦੋਂ ਉਹ ਕਸ਼ਮੀਰ ਗਏ ਸਨ ਉੱਥੇ ਊਧਮ ਨੂੰ ਭਗਤ ਸਿੰਘ ਦੇ ਪੋਟਰੇਟ ਦੇ ਨਾਲ ਵੇਖਿਆ ਗਿਆ। ਉਨ੍ਹਾਂ ਨੂੰ ਦੇਸ਼ਭਗਤੀ ਦੇ ਗਾਣੇ ਗਾਉਣਾ ਬਹੁਤ ਚੰਗਾ ਲੱਗਦਾ ਸੀ। ਉਹ ਰਾਮ ਪ੍ਰਸਾਦ ਬਿਸਮਿਲ ਦੇ ਵੀ ਫੈਨ ਸਨ। ਕੁਝ ਮਹੀਨੇ ਕਸ਼ਮੀਰ ਵਿਚ ਰਹਿਣ ਤੋਂ ਬਾਅਦ ਉਹ ਵਿਦੇਸ਼ ਚਲੇ ਗਏ।

4. ਡਵਾਇਰ ਨੂੰ ਉਸ ਦੇ ਕੀਤੇ ਦੀ ਸਜ਼ਾ
ਸਰਦਾਰ ਊਧਮ ਸਿੰਘ ਜਲਿਆਂਵਾਲਾ ਬਾਗ ਕਤਲਕਾਂਡ ਤੋਂ ਬਹੁਤ ਗੁੱਸੇ ਸਨ। ਜਨਰਲ ਡਾਇਰ ਦੀ 1927 ਵਿਚ ਬਰੇਨ ਹੈਮਰੇਜ ਨਾਲ ਮੌਤ ਹੋ ਚੁੱਕੀ ਸੀ। ਅਜਿਹੇ ਵਿਚ ਊਧਮ ਸਿੰਘ ਦੇ ਗੁੱਸੇ ਦਾ ਨਿਸ਼ਾਨਾ ਬਣਿਆ ਉਸ ਕਤਲਕਾਂਡ ਦੇ ਵੇਲੇ ਪੰਜਾਬ ਦਾ ਗਵਰਨਰ ਰਿਹਾ ਮਾਇਕਲ ਫਰੇਂਸਿਸ ਓ’ ਡਵਾਇਰ। ਜਿਸ ਨੇ ਕਤਲਕਾਂਡ ਨੂੰ ਸਹੀ ਦੱਸਿਆ ਸੀ। 13 ਮਾਰਚ 1940 ਨੂੰ ਰਾਇਲ ਸੈਂਟਰਲ ਏਸ਼ੀਅਨ ਸੋਸਾਇਟੀ ਦੀ ਲੰਡਨ ਦੇ ਕਾਕਸਟਨ ਹਾਲ ਵਿਚ ਬੈਠਕ ਸੀ। ਉੱਥੇ ਮਾਇਕਲ ਓ’ ਡਵਾਇਰ ਵੀ ਸਪੀਕਰਸ ਵਿਚੋਂ ਇਕ ਸੀ। ਊਧਮ ਸਿੰਘ ਉਸ ਦਿਨ ਟਾਇਮ ਨਾਲ ਉੱਥੇ ਪਹੁੰਚ ਗਏ।

ਆਪਣੀ ਰਿਵਾਲਵਰ ਉਨ੍ਹਾਂ ਨੇ ਇਕ ਮੋਟੀ ਕਿਤਾਬ ਵਿਚ ਲੁਕਾ ਰੱਖੀ ਸੀ। ਪਤਾ ਹੈ ਕਿਵੇਂ? ਉਨ੍ਹਾਂ ਨੇ ਕਿਤਾਬ ਦੇ ਪੰਨਿਆਂ ਨੂੰ ਰਿਵਾਲਵਰ ਦੇ ਆਕਾਰ ਵਿਚ ਕੱਟ ਲਿਆ ਸੀ ਅਤੇ ਬਕਸੇ ਵਰਗਾ ਬਣਾਇਆ ਸੀ। ਉਸ ਨਾਲ ਉਨ੍ਹਾਂ ਨੂੰ ਹਥਿਆਰ ਲੁਕਾਉਣ ਵਿਚ ਸੌਖ ਹੋਈ। ਬੈਠਕ ਤੋਂ ਬਾਅਦ ਕੰਧ ਦੇ ਪਿੱਛੇ ਮੋਰਚਾ ਸੰਭਾਲਦੇ ਹੋਏ ਊਧਮ ਸਿੰਘ ਨੇ ਮਾਇਕਲ ਓ’ ਡਵਾਇਰ ਨੂੰ ਨਿਸ਼ਾਨਾ ਬਣਾਇਆ। ਊਧਮ ਦੀਆਂ ਚਲਾਈਆਂ ਹੋਈਆਂ ਦੋ ਗੋਲੀਆਂ ਡਵਾਇਰ ਨੂੰ ਲੱਗੀਆਂ, ਜਿਸ ਕਾਰਣ ਉਸ ਦੀ ਤੁਰੰਤ ਮੌਤ ਹੋ ਗਈ। ਇਸ ਦੇ ਨਾਲ ਹੀ ਊਧਮ ਸਿੰਘ ਨੇ ਆਪਣੀ ਸਹੁੰ ਪੂਰੀ ਕੀਤੀ ਅਤੇ ਦੁਨੀਆ ਨੂੰ ਸੁਨੇਹਾ ਦਿੱਤਾ ਕਿ ਅਤਿਆਚਾਰੀਆਂ ਨੂੰ ਭਾਰਤੀ ਵੀਰ ਕਦੇ ਮੁਆਫ ਨਹੀਂ ਕਰਦੇ।

ਊਧਮ ਸਿੰਘ ਨੇ ਉਥੋਂ ਭੱਜਣ ਦੀ ਕੋਸ਼ਿਸ਼ ਨਹੀਂ ਕੀਤੀ ਅਤੇ ਗ੍ਰਿਫਤਾਰ ਹੋ ਗਏ। ਉਨ੍ਹਾਂ ਉੱਤੇ ਮੁਕੱਦਮਾ ਚੱਲਿਆ। ਕੋਰਟ ਵਿਚ ਪੇਸ਼ੀ ਹੋਈ। ਜੱਜ ਨੇ ਸਵਾਲ ਕੀਤਾ ਕਿ ਉਸ ਨੇ ਓ’ ਡਵਾਇਰ ਦੇ ਇਲਾਵਾ ਉਸ ਦੇ ਦੋਸਤਾਂ ਨੂੰ ਕਿਉਂ ਨਹੀਂ ਮਾਰਿਆ। ਊਧਮ ਸਿੰਘ ਨੇ ਜਵਾਬ ਦਿੱਤਾ ਕਿ ਉੱਥੇ ਕਈ ਔਰਤਾਂ ਸਨ ਅਤੇ ਸਾਡੀ ਸੰਸਕ੍ਰਿਤੀ ਵਿਚ ਔਰਤਾਂ ਉੱਤੇ ਹਮਲਾ ਕਰਨਾ ਪਾਪ ਹੈ।

ਇਸ ਤੋਂ ਬਾਅਦ ਊਧਮ ਨੂੰ ਸ਼ਹੀਦ-ਏ-ਆਜ਼ਮ ਦੀ ਉਪਾਧੀ ਦਿੱਤੀ ਗਈ, ਜੋ ਸਰਦਾਰ ਭਗਤ ਸਿੰਘ ਨੂੰ ਸ਼ਹਾਦਤ ਤੋਂ ਬਾਅਦ ਮਿਲੀ ਸੀ।

5. ਫਾਂਸੀ ਦੀ ਕਹਾਣੀ
4 ਜੂਨ, 1940 ਨੂੰ ਊਧਮ ਸਿੰਘ ਨੂੰ ਹੱਤਿਆ ਦਾ ਦੋਸ਼ੀ ਠਹਿਰਾਇਆ ਗਿਆ। 31 ਜੁਲਾਈ, 1940 ਨੂੰ ਉਨ੍ਹਾਂ ਨੂੰ ਪੈਂਟਨਵਿਲੇ ਜੇਲ ਵਿਚ ਫ਼ਾਂਸੀ ਦੇ ਦਿੱਤੀ ਗਈ। ਇਸ ਤਰ੍ਹਾਂ ਊਧਮ ਸਿੰਘ ਭਾਰਤ ਦੀ ਆਜ਼ਾਦੀ ਦੀ ਲੜਾਈ ਦੇ ਇਤਹਾਸ ਵਿਚ ਅਮਰ ਹੋ ਗਏ। 1974 ਵਿਚ ਬ੍ਰਿਟੇਨ ਨੇ ਉਨ੍ਹਾਂ ਦੇ ਅਵਸ਼ੇਸ਼ਾਂ ਭਾਰਤ ਨੂੰ ਸੌਂਪ ਦਿੱਤਾ। ਅੰਗਰੇਜ਼ਾਂ ਨੂੰ ਉਨ੍ਹਾਂ ਦੇ ਘਰ ਵਿਚ ਵੜ੍ਹ ਕੇ ਮਾਰਨ ਦਾ ਜੋ ਕੰਮ ਸਰਦਾਰ ਊਧਮ ਸਿੰਘ ਨੇ ਕੀਤਾ ਸੀ, ਉਸ ਦੀ ਹਰ ਜਗ੍ਹਾ ਤਾਰੀਫ ਹੋਈ। ਇੱਥੇ ਤੱਕ ਕਿ ਜਵਾਹਰ ਲਾਲ ਨਹਿਰੂ ਨੇ ਵੀ ਇਸ ਦੀ ਤਾਰੀਫ ਕੀਤੀ। ਨਹਿਰੂ ਨੇ ਕਿਹਾ ਕਿ ਮਾਇਕਲ ਓ’ ਡਵਾਇਰ ਦੀ ਹੱਤਿਆ ਦਾ ਅਫਸੋਸ ਤਾਂ ਹੈ ਪਰ ਇਹ ਬੇਹੱਦ ਜ਼ਰੂਰੀ ਵੀ ਸੀ। ਇਸ ਘਟਨਾ ਨੇ ਦੇਸ਼ ਅੰਦਰ ਕ੍ਰਾਂਤੀਵਾਦੀ ਗਤੀਵਿਧੀਆਂ ਨੂੰ ਅਚਾਨਕ ਤੇਜ਼ ਕਰ ਦਿੱਤਾ।

ਸਰਦਾਰ ਊਧਮ ਸਿੰਘ ਦੀ ਇਹ ਕਹਾਣੀ ਅੰਦੋਲਨਕਾਰੀਆਂ ਨੂੰ ਪ੍ਰੇਰਨਾ ਦਿੰਦੀ ਰਹੀ। ਇਸ ਤੋਂ ਬਾਅਦ ਦੀਆਂ ਤਮਾਮ ਘਟਨਾਵਾਂ ਨੂੰ ਸਭ ਜਾਣਦੇ ਹਨ। ਅੰਗਰੇਜ਼ਾਂ ਨੂੰ 7 ਸਾਲ ਦੇ ਅੰਦਰ ਦੇਸ਼ ਛੱਡਣਾ ਪਿਆ ਅਤੇ ਸਾਡਾ ਦੇਸ਼ ਆਜ਼ਾਦ ਹੋ ਗਿਆ। ਊਧਮ ਸਿੰਘ ਜਿਊਂਦੇ ਜੀਅ ਚਾਹੇ ਆਜ਼ਾਦ ਭਾਰਤ ਵਿਚ ਸਾਨ ਨਹੀਂ ਲੈ ਸਕੇ ਪਰ ਕਰੋੜਾਂ ਭਾਰਤੀਆਂ ਦੇ ਦਿਲ ਵਿਚ ਰਹਿ ਕੇ ਉਹ ਆਜ਼ਾਦੀ ਨੂੰ ਜ਼ਰੂਰ ਮਹਿਸੂਸ ਕਰ ਰਹੇ ਹੋਣਗੇ।

Get the latest update about Udham Singh, check out more about Shaheed e Azam & Salute

Like us on Facebook or follow us on Twitter for more updates.