Scoop Analysis: ਕਿਸਾਨੀ ਅੰਦੋਲਨ ਲਿਆ ਸਕਦੈ ਪੰਜਾਬ ਦੀ ਸਿਆਸਤ 'ਚ ਵੱਡਾ ਬਦਲਾਅ

ਕਿਸਾਨੀ ਅੰਦੋਲਨ ਨੇ ਪੂਰੇ ਦੇਸ਼ ਦੀ ਸਿਆਸਤ ਨੂੰ ਹਿਲਾ ਕੇ ਰੱਖ ਦਿੱਤਾ ਹੈ। ਕੇਂਦਰ ਸਰਕਾਰ ਨੂੰ ਛੱ...

ਕਿਸਾਨੀ ਅੰਦੋਲਨ ਨੇ ਪੂਰੇ ਦੇਸ਼ ਦੀ ਸਿਆਸਤ ਨੂੰ ਹਿਲਾ ਕੇ ਰੱਖ ਦਿੱਤਾ ਹੈ। ਕੇਂਦਰ ਸਰਕਾਰ ਨੂੰ ਛੱਡ ਕੇ ਤਕਰੀਬਨ ਸਾਰੀਆਂ ਹੀ ਪਾਰਟੀਆਂ ਨੇ ਇਨ੍ਹਾਂ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕੀਤਾ ਹੈ ਅਤੇ ਸਰਕਾਰ ਨੂੰ ਇਨ੍ਹਾਂ ਬਿੱਲਾਂ ਨੂੰ ਵਾਪਸ ਲੈਣ ਦੀ ਅਪੀਲ ਕੀਤੀ ਹੈ। ਪੰਜਾਬ ਦੀ ਸਿਆਸਤ ਵਿਚ ਲੰਬੇ ਸਮੇਂ ਤੋਂ ਅਕਾਲੀ ਦਲ ਅਤੇ ਕਾਂਗਰਸ ਦਾ ਹੀ ਰਾਜ ਰਿਹਾ ਹੈ। ਜਿਥੇ ਕਿਸਾਨੀ ਅੰਦੋਲਨ ਦੌਰਾਨ ਕਿਸਾਨਾਂ ਅਤੇ ਨੌਜਵਾਨਾਂ ਨੇ ਸਿਆਸੀ ਪਾਰਟੀਆਂ ਨੂੰ ਅੰਦੋਲਨ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ ਉਥੇ ਹੀ ਹੁਣ ਇਹ ਕਿਆਸ ਜ਼ੋਰਾਂ ਉੱਤੇ ਹਨ ਕਿ ਕਿਸਾਨਾਂ ਨਾਲ ਜੁੜੀ ਇਕ ਨਵੀਂ ਪਾਰਟੀ ਹੋਂਦ ਵਿਚ ਆ ਸਕਦੀ ਹੈ।

ਸਿਆਸੀ ਪਾਰਟੀਆਂ ਤੋਂ ਘਟਿਆ ਵਿਸ਼ਵਾਸ
ਕਿਸਾਨਾਂ ਦੇ ਅੰਦੋਲਨ ਨੂੰ ਤਕਰੀਬਨ 1 ਮਹੀਨਾ ਹੋਣ ਜਾ ਰਿਹਾ ਹੈ। ਇਸ ਦੌਰਾਨ ਵੱਖ-ਵੱਖ ਸਿਆਸੀ ਪਾਰਟੀਆਂ ਨੇ ਕਿਸਾਨਾਂ ਦੇ ਅੰਦੋਲਨ ਨੂੰ ਸਮਰਥਨ ਦਿੱਤਾ ਹੈ। ਪਰ ਕਿਸਾਨ ਸਿੱਧੇ ਤੌਰ ਉੱਤੇ ਕਿਸੇ ਵੀ ਪਾਰਟੀ ਨੂੰ ਕਬੂਲਣ ਲਈ ਤਿਆਰ ਨਹੀਂ ਦਿੱਖ ਰਹੇ ਹਨ। ਕਿਸਾਨਾਂ ਨੇ ਅੰਦੋਲਨ ਦੌਰਾਨ ਇਥੋਂ ਤੱਕ ਕਿਹਾ ਹੈ ਕਿ ਕਿਸੇ ਵੀ ਸਿਆਸੀ ਨੇਤਾ ਨੂੰ ਪਾਰਟੀ ਦੇ ਝੰਡੇ ਹੇਠ ਅੰਦੋਲਨ ਵਿਚ ਸ਼ਾਮਲ ਹੋਣ ਦੀ ਲੋੜ ਨਹੀਂ। ਜੇਕਰ ਕੋਈ ਵੀ ਸਿਆਸੀ ਨੇਤਾ ਅੰਦੋਲਨ ਵਿਚ ਸਿਆਸੀ ਪਾਰਟੀ ਦੇ ਝੰਡੇ ਹੇਠ ਸਾਮਲ ਹੋਵੇਗਾ ਤਾਂ ਉਹ ਇਸ ਦਾ ਜ਼ਿੰਮੇਵਾਰ ਖੁਦ ਹੋਵੇਗਾ।

ਇਸ ਤੋਂ ਇਲਾਵਾ ਭਾਜਪਾ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਗਠਜੋੜ ਟੁੱਟਣ ਤੋਂ ਬਾਅਦ ਵੀ ਪੰਜਾਬ ਵਿਚ ਸਿਆਸੀ ਭੂਚਾਲ ਤੇਜ਼ ਹੋ ਗਿਆ ਹੈ। ਖੇਤੀਬਾੜੀ ਬਿੱਲਾਂ ਦੇ ਸਮਰਥਨ ਵਿਚ ਅਕਾਲੀ ਦਲ ਨੇ ਭਾਜਪਾ ਨਾਲ ਗਠਜੋੜ ਤੋੜ ਲਿਆ ਸੀ। ਇਸ ਤੋਂ ਬਾਅਦ ਭਾਜਪਾ ਨੇ ਵੀ ਪੰਜਾਬ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ ਉੱਤੇ ਆਪਣੇ ਉਮੀਦਵਾਰ ਮੈਦਾਨ ਵਿਚ ਉਤਾਰਣ ਦੀ ਗੱਲ ਕਹੀ ਸੀ। ਇਸ ਦੌਰਾਨ ਇਸ ਦੀ ਪੂਰੀ ਉਮੀਦ ਹੈ ਕਿ ਕਿਸਾਨਾਂ ਦੇ ਸਮਰਥਨ ਵਿਚ ਇਕ ਨਵੀਂ ਪਾਰਟੀ ਉਭਰ ਕੇ ਸਾਹਮਣੇ ਆਵੇ।

ਦੁਨੀਆ ਭਰ ਵਿਚ ਅਸਰ
ਭਾਜਪਾ ਸਰਕਾਰ ਦੇ ਤਿੰਨਾਂ ਖੇਤੀਬਾੜੀ ਬਿੱਲਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦਾ ਦੁਨੀਆ ਭਰ ਵਿਚ ਅਸਰ ਦੇਖਣ ਨੂੰ ਮਿਲਿਆ ਹੈ। ਦੁਨੀਆ ਭਰ ਦੇ ਨੇਤਾਵਾਂ ਨੇ ਇਸ ਅੰਦੋਲਨ ਨੂੰ ਸਹੀ ਕਰਾਰ ਦਿੱਤਾ ਹੈ। ਕੈਨੇਡਾ, ਅਮਰੀਕਾ, ਆਸਟਰੇਲੀਆ ਅਤੇ ਇੰਗਲੈਂਡ ਜਿਹੇ ਦੇਸ਼ਾਂ ਦੇ ਸੰਸਦ ਮੈਂਬਰਾਂ ਨੇ ਵੀ ਕਿਸਾਨਾਂ ਦੀ ਹਮਾਇਤ ਕੀਤੀ ਹੈ। ਕਈ ਦੇਸ਼ਾਂ ਵਿਚ ਇਸ ਸਬੰਧ ਵਿਚ ਰੈਲੀਆਂ ਵੀ ਕੱਢੀਆਂ ਗਈਆਂ ਹਨ। ਇਨ੍ਹਾਂ ਰੈਲੀਆਂ ਨੇ ਜਿਥੇ ਕੇਂਦਰ ਸਰਕਾਰ ਦੀ ਨੀਂਦ ਹਰਾਮ ਕੀਤੀ ਹੈ ਉਥੇ ਹੀ ਪੂਰੀ ਦੁਨੀਆ ਵਿਚ ਕਿਸਾਨ ਦੇ ਮੁੱਦੇ ਨੂੰ ਪਹੁੰਚਾਇਆ ਹੈ।

ਅੰਦੋਲਨ ਦੀ ਖੂਬਸੂਰਤੀ
ਕਿਸਾਨਾਂ ਦੇ ਅੰਦੋਲਨ ਵਿਚ ਕਈ ਤਰ੍ਹਾਂ ਦੀਆਂ ਬਾਹਰੀ ਤਾਕਤਾਂ ਦੇ ਸ਼ਾਮਲ ਹੋਣ ਦੀਆਂ ਅਫਵਾਹਾਂ ਵੀ ਉਡੀਆਂ। ਕਈਆਂ ਨੇ ਇਸ ਨੂੰ ਖਾਲਿਸਤਾਨ ਨਾਲ ਜੋੜਨ ਦੀ ਵੀ ਕੋਸ਼ਿਸ਼ ਕੀਤੀ ਪਰ ਇਸ ਅੰਦੋਲਨ ਦੀ ਸਭ ਤੋਂ ਵੱਡੀ ਖੂਬਸੂਰਤੀ ਇਹ ਸੀ ਇਸ ਅੰਦੋਲਨ ਵਿਚ ਕਿਸੇ ਵੀ ਕੋਈ ਜਾਤ-ਪਾਤ ਜਾਂ ਕਿਸੇ ਸੂਬੇ ਦਾ ਨਾਂ ਤੱਕ ਦੇਖਣ ਨੂੰ ਨਹੀਂ ਮਿਲਿਆ। ਜਿਥੇ ਕੁਝ ਸਮਾਂ ਪਹਿਲਾਂ ਤੱਕ ਪੰਜਾਬ ਅਤੇ ਹਰਿਆਣਾ ਦੇ ਕਿਸਾਨ ਪਾਣੀਆਂ ਦੇ ਮੁੱਦੇ ਉੱਤੇ ਵੰਡੇ ਹੋਏ ਦਿਖਾਈ ਦੇ ਰਹੇ ਸਨ, ਉਹ ਅੱਜ ਇਕ-ਮਿਕ ਹੋ ਕੇ ਅਤੇ ਡਟ ਕੇ ਆਪਣੀ ਗੱਲ ਕੇਂਦਰ ਸਰਕਾਰ ਦੇ ਸਾਹਮਣੇ ਰੱਖ ਰਹੇ ਹਨ। ਇਹ ਆਪਣੇ ਆਪ ਵਿਚ ਹੀ ਅਜਿਹੇ ਮੁੱਦਿਆਂ ਉੱਤੇ ਰੋਟੀਆਂ ਸੇਕਣ ਵਾਲੇ ਸਿਆਸਤਦਾਨਾਂ ਦੇ ਮੂੰਹ ਉੱਤੇ ਚਪੇੜ ਹੈ।

ਨਵੀਂ ਪਾਰਟੀ ਬਣਨ ਦੀ ਉਮੀਦ
ਕਿਸਾਨਾਂ ਦਾ ਅੰਦੋਲਨ ਸ਼ੁਰੂ ਤੋਂ ਹੀ ਸ਼ਾਂਤਮਈ ਰਿਹਾ ਹੈ। ਅਜਿਹੇ ਵਿਚ ਸਿਆਸਤ ਦੀ ਗਹਿਰੀ ਸਮਝ ਰੱਖਣੇ ਵਾਲੇ ਸੂਤਰਾਂ ਦਾ ਮੰਨਣਾ ਹੈ ਕਿ ਕਿਸਾਨਾਂ ਅਤੇ ਪੰਜਾਬ ਦੇ ਨੌਜਵਾਨਾਂ ਦਾ ਸਿਆਸੀ ਪਾਰਟੀਆਂ ਤੋਂ ਵਿਸ਼ਵਾਸ ਉੱਠਦਾ ਜਾ ਰਿਹਾ ਹੈ। ਅਜਿਹੇ ਵਿਚ ਕਿਸਾਨਾਂ ਵਲੋਂ ਪੰਜਾਬ ਦੀ ਸਿਆਸਤ ਵਿਚ ਨਵੀਂ ਪਾਰਟੀ ਬਣਾਉਣ ਦਾ ਵੀ ਐਲਾਨ ਹੋ ਸਕਦਾ ਹੈ। ਬੀਤੇ ਸਮੇਂ ਵੀ ਕਈ ਵੱਡੇ ਕਿਸਾਨ ਨੇਤਾਵਾਂ ਨੇ ਵੀ ਕਿਹਾ ਹੈ ਕਿ ਅੱਜ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਸੇਧ ਦੀ ਲੋੜ ਹੈ। ਸਿਆਸਤ ਦਾ ਇਸ ਵਿਚ ਅਹਿਮ ਯੋਗਦਾਨ ਰਹਿੰਦਾ ਹੈ। ਅਜਿਹੇ ਵਿਚ ਪੰਜਾਬ ਦੀ ਜਨਤਾ ਨੂੰ ਸਿਆਸੀ ਬਦਲਾਅ ਦੀ ਬਹੁਤ ਲੋੜ ਹੈ।

Get the latest update about Scoop Analysis, check out more about Punjab Politics & Farmers Movement

Like us on Facebook or follow us on Twitter for more updates.