ਬੇਅਦਬੀ ਮਾਮਲੇ 'ਚ ਇਨਸਾਫ ਦੀ ਮੰਗ ਕਰਦਿਆਂ ਸਿੱਧੂ ਨੇ SC ਦੇ ਸੀਨੀਅਰ ਵਕੀਲ ਫੂਲਕਾ ਨੂੰ ਲਿਖੀ ਚਿੱਠੀ

ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਲਗਾਤਾਰ ਹੀ ਪੰਜਾ...

ਚੰਡੀਗੜ੍ਹ: ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਲਗਾਤਾਰ ਹੀ ਪੰਜਾਬ ਦੇ ਮੁੱਦਿਆਂ ਨੂੰ ਚੁੱਕਦੇ ਰਹੇ ਹਨ। ਇਸ ਵਾਰ ਸਿੱਧੂ ਨੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਹਰਵਿੰਦਰ ਸਿੰਘ ਫੂਲਕਾ ਨੂੰ ਚਿੱਠੀ ਲਿਖੀ ਹੈ। ਇਹ ਚਿੱਠੀ ਉਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ ਵਿਚ ਇਨਸਾਫ ਮਾਮਲੇ ਵਿਚ ਲਿਖੀ ਹੈ।

ਸਿੱਧੂ ਨੇ ਫੇਸਬੁੱਕ ਉੱਤੇ ਪੋਸਟ ਆਪਣੀ ਚਿੱਠੀ ਵਿਚ ਲਿਖਿਆ:-
ਵਿਸ਼ਾ : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਇਨਸਾਫ਼ ਸੰਬੰਧੀ।'

ਸਤਿਕਾਰਯੋਗ,
ਸਿੱਖ ਕੌਮ ਦੇ ਨਿਸ਼ਕਾਮ ਸੇਵਾਦਾਰ ਅਤੇ ਪੰਜਾਬ ਦੇ ਲੋਕਾਂ ਵਿਚ ਆਪਣੀ ਚੰਗਿਆਈ ਲਈ ਜਾਣੇ ਜਾਂਦੇ ਸ. ਹਰਵਿੰਦਰ ਸਿੰਘ ਫੂਲਕਾ ਜੀ,  ਆਪ ਜੀ ਲਈ ਮੇਰੇ ਮਨ ਵਿਚ ਬਹੁਤ ਆਦਰ-ਸਤਿਕਾਰ ਹੈ। ਤੁਸੀਂ ਮੇਰੀ ਪੰਜਾਬ ਪ੍ਰਤੀ ਵਫ਼ਾਦਾਰੀ ਉੱਪਰ ਅਥਾਹ ਵਿਸ਼ਵਾਸ ਜਤਾਇਆ ਹੈ ਅਤੇ ਗੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਾਲ ਸੰਬੰਧਤ ਹੈ, ਇਸ ਲਈ ਮੈਂ ਤੁਹਾਡੀ ਚਿੱਠੀ ਦਾ ਜੁਆਬ ਦੇਣਾ ਜ਼ਰੂਰੀ ਸਮਝਦਾ ਹਾਂ।

ਪੰਜਾਬ ਵਿਧਾਨ ਸਭਾ, ਪੰਜਾਬ ਦੀ ਕਾਨੂੰਨ ਬਨਾਉਣ ਵਾਲੀ ਸਰਬਉੱਚ ਅਥਾਰਟੀ ਹੈ। ਕਾਨੂੰਨ ਬਨਾਉਣ ਤੋਂ ਇਲਾਵਾ ਇਹ ਸਰਕਾਰ ਨੂੰ ਸੁਆਲ ਪੁੱਛ ਉਸਨੂੰ ਲੋਕਾਂ ਪ੍ਰਤੀ ਜੁਆਬਦੇਹ ਬਨਾਉਣ ਦਾ ਕੰਮ ਵੀ ਕਰਦੀ ਹੈ। ਤੁਸੀਂ ਵੀ ਇਸ ਨੁਕਤੇ ਤੋਂ ਜਾਣੂ ਹੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਅਦਬੀ ਵਾਲੇ ਕੇਸ ਵਿਚ ਸੰਵਿਧਾਨ ਅਨੁਸਾਰ ਪੰਜਾਬ ਵਿਧਾਨ ਸਭਾ ਕੋਲ ਸਿਰਫ਼ ਇਹ ਦੱਸਣ ਦੀ ਤਾਕਤ ਹੈ ਕਿ ਕਿਸ ਰਾਹ ਉੱਪਰ ਚੱਲਣਾ ਹੈ। ਇਸ ਕੋਲ ਮਿੱਥੇ ਰਾਹ ਉੱਪਰ ਚੱਲਣ ਲਈ ਜ਼ੋਰ ਪਾਉਣ, ਸਹਿਮਤੀ ਬਨਾਉਣ ਤੇ ਸਰਕਾਰ ਦਾ ਮਾਰਗਦਰਸ਼ਨ ਕਰਨ ਦਾ ਅਧਿਕਾਰ ਹੈ। 

ਉਸ ਵਿਧਾਨ ਸਭਾ ਦਾ ਮੈਂਬਰ ਹੁੰਦੇ ਹੋਏ ਮੈਂ ਤੇ ਤੁਸੀਂ ਆਪਣੀ ਆਵਾਜ਼ ਚੁੱਕੀ । ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਅਦਬੀ ਵਾਲੇ ਕੇਸ ਵਿਚ ਮੈਂ ਵਿਧਾਨ ਸਭਾ ‘ਚ ਸੱਚ ਉਜਾਗਰ ਕੀਤਾ, ਰਿਪੋਰਟ ਆਧਾਰਿਤ ਸਬੂਤ ਪੇਸ਼ ਕਰਦਿਆਂ ਰਾਜਨੀਤਿਕ ਦੋਸ਼ੀਆਂ ਦੇ ਨਾਂ ਖੁੱਲ੍ਹ ਕੇ ਬੋਲੇ। ਇਨਸਾਫ਼ ਲਈ ਲੜਦਿਆਂ ਸੱਚ ਪ੍ਰਗਟ ਕਰਨ ਲਈ ਤੇ ਸਰਕਾਰ ਉੱਪਰ ਦਬਾਅ ਬਨਾਉਣ ਲਈ ਤਾਂ ਕਿ ਜਾਂਚ ਤੇਜੀ ਨਾਲ ਹੋਵੇ ਤੇ ਗੁਨਹਗਾਰਾਂ ਨੂੰ ਜਲਦ ਤੋਂ ਜਲਦ ਮਿਸਾਲੀ ਸਜ਼ਾ ਮਿਲੇ, ਉਸ ਵਿਧਾਨ ਸਭਾ ਸ਼ੈਸਨ ਤੋਂ ਬਾਅਦ ਮੈਂ ਪ੍ਰੈਸ ਕਾਨਫਰੰਸ ਕਰਕੇ ਕੋਟਕਪੂਰਾ ਚੌਕ ਦੀ 14-15 ਅਕਤੂਬਰ 2015 ਦੀ ਸੀਸੀਟੀਵੀ ਫੁਟੇਜ ਪੂਰੇ ਪੰਜਾਬ ਦੇ ਮੀਡੀਆ ‘ਚ ਜਨਤਕ ਕੀਤੀ। ਇਸ ਫੁਟੇਜ ਨੂੰ ਪਿਛਲੀ ਸਰਕਾਰ ਛੁਪਾਈ ਬੈਠੀ ਸੀ ਤੇ ਉਸਨੇ ਜ਼ੋਰਾ ਸਿੰਘ ਕਮਿਸ਼ਨ ਨੂੰ ਇਹ ਕਹਿ ਦਿੱਤਾ ਸੀ ਕਿ ਅਜਿਹਾ ਕੁੱਝ ਵੀ ਮੌਜੂਦ ਹੀ ਨਹੀਂ ਹੈ। ਉਸ ਸੀਸੀਟੀਵੀ ਫੁਟੇਜ ਵਿਚ ਇਸ ਗੱਲ ਦੇ ਸਬੂਤ ਮਿਲਦੇ ਹਨ ਕਿ ਪੁਲਿਸ ਨੇ ਕਿਸ ਤਰ੍ਹਾਂ ਨਿਹੱਥੇ ਸ਼ਾਂਤ ਬੈਠੇ ਲੋਕਾਂ ‘ਤੇ ਗੋਲੀਆਂ ਚਲਾਈਆਂ ਤੇ ਤਸ਼ੱਦਦ ਕੀਤਾ। ਇਹੀ ਫੁਟੇਜ ਅੱਗੇ ਚੱਲ ਕੇ ਸਿਟ (SIT) ਲਈ ਇਹ ਸਾਬਤ ਕਰਨ ‘ਚ ਕਿ ਦੋਸ਼ੀ ਕੌਣ ਸਨ? ਉਹ ਤਰ੍ਹਾਂ ਲੋਕਾਂ ਉੱਪਰ ਤਸ਼ੱਦਦ ਕਰ ਰਹੇ ਸਨ ? ਕਿਸ ਤਰ੍ਹਾਂ ਫ਼ੋਨ ‘ਤੇ ਹੁਕਮ ਲੈ ਰਹੇ ਸਨ ? ਕਿਸ ਤਰ੍ਹਾਂ ਉਨ੍ਹਾਂ ਨੂੰ ਮੌਕੇ ਦੇ ਹੁਕਮਰਾਨਾਂ ਵੱਲੋਂ ਫ਼ੋਨ ਕੀਤੇ ਜਾ ਰਹੇ ਸਨ ? ਕਿਸ ਤਰ੍ਹਾਂ ਫ਼ੋਨ ਉੱਪਰ ਆਏ ਹੁਕਮਾਂ ਕਰਕੇ ਹੀ ਇਹ ਸਭ ਕੁੱਝ ਵਾਪਰਿਆ ? ਆਦਿ ਸਵਾਲਾਂ ਦੇ ਉੱਤਰ ਲੱਭਣ ਲਈ ਬੇਹੱਦ ਸਹਾਈ ਹੋਏ। ਮੈਂ ਇਸੇ ਕਾਨਫ਼ਰੰਸ ਵਿਚ ਦੋਸ਼ੀਆਂ ਉੱਪਰ ਐਫ.ਆਈ ਆਰ ਕਰਨ ਦੀ ਵੀ ਮੰਗ ਕੀਤੀ ਸੀ ਜੋ ਬਾਅਦ ‘ਚ ਕੀਤੀ ਗਈ। ਇਸੇ ਆਧਾਰ ਉੱਪਰ ਸਿਟ ਨੇ ਜਾਂਚ ਕੀਤੀ। ਪਰ ਬਣਦੀ ਕਾਰਵਾਈ, ਐਫ.ਆਰ.ਆਈ, ਸਿਟ (SIT) ਬਨਾਉਣੀ, ਜਾਂਚ, ਕਾਨੂੰਨੀ ਕੇਸ ਤੇ ਗ੍ਰਿਫ਼ਤਾਰੀ ਆਦਿ ਸਭ ਲਈ ਸਿੱਧੇ ਰੂਪ ਵਿਚ ਰਾਜ ਦਾ ਗ੍ਰਹਿ ਮੰਤਰੀ ਜ਼ੁੰਮੇਵਾਰ ਹੈ।

ਪੰਜਾਬ ਸਰਕਾਰ ਵਿਚ 27 ਮਹੀਨੇ ਮੰਤਰੀ ਰਹਿੰਦਿਆਂ ਮੈਂ ਕੈਬਨਿਟ ਵਿਚ ਬਾਰੰਬਾਰ ਗੁਰੂ ਸਾਹਿਬ ਦੀ ਬੇਅਦਬੀ ਦੇ ਇਨਸਾਫ਼ ਅਤੇ ਨਸ਼ਿਆਂ ਵਿਰੁੱਧ ਅਵਾਜ਼ ਉਠਾਈ ਕਿਉਂਕਿ ਇਹ ਮੇਰੇ ਲਈ ਸਭ ਤੋਂ ਅਹਿਮ ਮੁੱਦਾ ਸੀ। 2019 ‘ਚ ਕਾਂਗਰਸ ਪਾਰਟੀ ਵਾਸਤੇ ਪ੍ਰਚਾਰ ਕਰਦਿਆਂ ਬਠਿੰਡੇ ਵਰਗੀ ਅਹਿਮ ਲੋਕ ਸਭਾ ਚੋਣ ਦੀ ਵੋਟਿੰਗ ਤੋਂ ਦੋ ਦਿਨ ਪਹਿਲਾਂ ਮੈਂ ਭਰੀ ਸਭਾ ਵਿਚ ਆਪਣੀ ਗੱਲ ਰੱਖੀ ਤੇ ਇਹੀ ਮੰਗ ਕੀਤੀ ਕਿ ਗੁਰੂ ਸਾਹਿਬ ਦੀ ਬੇਅਦਬੀ ਦਾ ਇਨਸਾਫ਼ ਹਰ ਹਾਲਤ ਵਿਚ ਹੋਣਾ ਚਾਹੀਦਾ ਹੈ ਤੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਸਭ ਕੁੱਝ ਤਿਆਗ ਕੇ ਲੋਕਾਂ ਵਿਚ ਖੜ੍ਹ ਕੇ ਡਾਂਗਾਂ ਖਾ ਲਵੇਗਾ ਪਰ ਗੁਰੂ ਦਾ ਦੋਖੀ ਨਹੀਂ ਬਣੇਗਾ। ਮੈਂ ਵਾਰ-ਵਾਰ ਇਹ ਦੁਹਰਾਇਆ ਕਿ ਉਹ ਲੋਕ ਜਿਨ੍ਹਾਂ ਨੇ ਲੋਕਾਂ ਉੱਪਰ ਤਸ਼ੱਦਦ ਕਰਨ ਅਤੇ ਗੋਲੀਆਂ ਵਰ੍ਹਾਉਣ ਦੇ ਹੁਕਮ ਦਿੱਤੇ, ਜਿਨ੍ਹਾਂ ਲੋਕਾਂ ਨੇ ਇਸ ਪੂਰੇ ਗੁਨਾਹ ਨੂੰ ਅੰਜ਼ਾਮ ਦੇਣ ਲਈ ਸਿਆਸੀ ਫ਼ੈਸਲੇ ਲਏ ਉਨ੍ਹਾਂ ਲੋਕਾਂ ਨੂੰ ਮਿਸਾਲੀ ਸਜ਼ਾ ਹੋਣੀ ਚਾਹੀਦੀ ਹੈ ਨਾ ਕਿ ਕਿਸੇ ਪਿਆਦੇ ਨੂੰ। ਉਸ ਕਾਰਨ ਕੈਬਨਿਟ ਵਿਚੋਂ ਮੇਰਾ ਮੰਤਰਾਲਾ ਬਦਲਿਆ ਗਿਆ ਤੇ ਮੈਂ ਅਸਤੀਫ਼ਾ ਦਿੱਤਾ ਕਿਉਂਕਿ ਮੈਂ ਮੰਨਦਾ ਹਾਂ ਕਿ ਗੁਰੂ ਸਾਹਿਬ ਦੇ ਸਤਿਕਾਰ ਤੋਂ ਉੱਪਰ ਕੋਈ ਅਹੁਦਾ ਨਹੀਂ।

ਪਿਛਲੇ ਚਾਰ ਸਾਲ ਤੋਂ ਲਗਾਤਾਰ ਕੈਬਨਿਟ ਮੰਤਰੀ ਉਸ ਤੋਂ ਬਾਅਦ ਵਿਧਾਇਕ ਵਜੋਂ ਵੀ ਮੈਂ, ਜਿਨ੍ਹਾਂ ‘ਤੇ ਕੋਟਕਪੂਰਾ, ਬਹਿਬਲ ਕਲਾਂ, ਬਰਗਾੜੀ ‘ਚ ਜ਼ੁਲਮ ਤਸ਼ੱਦਦ ਹੋਇਆ ਉਨ੍ਹਾਂ ਨਾਲ ਮੁਲਾਕਾਤ ਕਰ ਚੁੱਕਿਆ ਹਾਂ, ਉਨ੍ਹਾਂ ਦੇ ਦੁੱਖ ਸੁਣ ਚੁੱਕਿਆਂ, ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਚੁੱਕਿਆਂ ਹਾਂ। ਉਹ ਲੋਕ ਅੰਮ੍ਰਿਤਸਰ ਵਿਖੇ ਮੇਰੇ ਘਰ, ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣ 'ਤੇ ਮੇਰਾ ਧੰਨਵਾਦ ਕਰਨ ਵੀ ਆਏ, ਇਹ ਮੁਲਾਕਾਤ ਮੀਡੀਆ ਵਿਚ ਜਨਤਕ ਵੀ ਹੋ ਚੁੱਕੀ ਹੈ। ਉਨ੍ਹਾਂ ਨੇ ਮੁਲਾਕਾਤ ਸਮੇਂ ਜਦ ਇਨਸਾਫ਼ ਦੀ ਗੁਹਾਰ ਲਗਾਈ ਤਾਂ ਮੈਂ ਉਨ੍ਹਾਂ ਨੂੰ ਦੱਸਿਆਂ ਕਿ ਜੋ ਵੀ ਮੇਰੇ ਹੱਥ-ਵਸ ਹੈ ਮੈਂ ਕਰ ਰਿਹਾ ਹਾਂ। ਉਸ ਤੋਂ ਬਾਅਦ ਜਦ ਹਾਈਕੋਰਟ ਨੇ ਚਲਾਨ ਰੱਦ ਕਰਨ ਦਾ ਹੁਕਮ ਸੁਣਾਇਆ ਤਾਂ ਪਿਛਲੇ ਹਫ਼ਤੇ ਵਿਸਾਖੀ ਦੇ ਸ਼ੁਭ ਦਿਨ ਮੇਰੀ ਆਤਮਾ ਵਿਚ ਐਨਾ ਦੁੱਖ ਤੇ ਰੋਸ ਸੀ ਕਿ ਮੈਂ ਗੁਰੂ ਤੋਂ ਰਾਹ ਪੁੱਛਣ, ਗੁਰੂ ਦਾ ਮਾਰਗ ਦਰਸ਼ਨ ਲੈਣ ਬੁਰਜ ਜ਼ਵਾਹਰ ਸਿੰਘ ਵਾਲਾ ਗੁਰਦੁਆਰਾ ਸਾਹਿਬ ਗਿਆ, ਜਿੱਥੋਂ ਇਹ ਸਾਰਾ ਅਧਿਆਇ ਜੂਨ 2015 ਵਿਚ ਸ਼ੁਰੂ ਹੁੰਦਾ ਹੈ। 

ਪੰਜਾਬ ਦੇ ਲੋਕਾਂ ਦਾ ਚੁਣਿਆ ਨੁਮਾਇੰਦਾ ਹੋਣ ਦੇ ਨਾਤੇ ਅੱਜ ਮੈਂ ਸੱਚ ਨੂੰ ਸੱਚ ਕਹਿ ਰਿਹਾ ਹਾਂ ਤੇ ਗ਼ਲਤ ਨੂੰ ਗ਼ਲਤ ਕਹਿ ਰਿਹਾ ਹਾਂ ਤੇ ਮੈਨੂੰ ਕੋਈ ਪ੍ਰਵਾਹ ਨਹੀਂ ਕਿ ਤਾਕਤ ਕਿਸ ਦੇ ਹੱਥਾਂ ‘ਚ ਹੈ, ਪਰ ਤਾਕਤ ਦੀ ਜੁਆਬਦੇਹੀ ਮੰਗ ਰਿਹਾ ਹਾਂ ਤੇ ਕਹਿ ਰਿਹਾ ਹਾਂ ਕਿ ਠੋਸ ਕਾਰਵਾਈ ਕਰੋ ਤੇ ਅਸਲ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰੋ ਪਰ ਕੇਸ ਵਿਚ ਐਫਆਈਆਰ ਦਰਜ ਕਰਨਾ, ਜਾਂਚ ਕਰਨਾ, ਗ੍ਰਿਫ਼ਤਾਰੀ ਪਾਉਣੀ ਆਦਿ ਵਿਧਾਨ ਸਭਾ ਦੇ ਦਸ ਸੈਸਨ ਬੁਲਾ ਕੇ ਵੀ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਹ ਤਾਂ ਸਿਰਫ਼ ਸੂਬੇ ਦੇ ਗ੍ਰਹਿ ਮੰਤਰੀ ਦੇ ਹੱਥ ਹੈ । ਮੈਂ ਤੁਹਾਨੂੰ ਇਹੀ ਸੁਝਾਅ ਦਿਆਂਗਾ ਕਿ ਸਪੈਸ਼ਲ ਸੈਸਨ ਦੀ ਮੰਗ ਕਰਕੇ ਲੋਕਾਂ ਨੂੰ ਗੁਮਰਾਹ ਰਾਹ ‘ਤੇ ਨਾ ਪਾਇਆ ਜਾਵੇ ਪਿਛਲੀ ਵਾਰ ਵੀ ਅਸੀਂ ਇਸੇ ਤਰ੍ਹਾਂ ਗੁਮਰਾਹ ਹੋ ਗਏ ਸਾਂ । ਸਿਰਫ਼ ਤੇ ਸਿਰਫ਼ ਸੰਵਿਧਾਨ ਅਨੁਸਾਰ ਸੂਬੇ ਦੀ ਕਾਰਜਕਾਰੀ ਸ਼ਕਤੀ ਅਰਥਾਤ ਗ੍ਰਹਿ ਮੰਤਰੀ ਹੀ ਇਹ ਤਾਕਤ ਰੱਖਦਾ ਹੈ ਕਿ ਉਹ ਐਫਆਈਆਰ ਅਤੇ ਗ੍ਰਿਫ਼ਤਾਰੀ ਸੰਬੰਧੀ ਰਾਜਨਿਤਿਕ ਹੁਕਮ ਦੇ ਸਕੇ। ਲੋਕਾਂ ਨੇ ਇਸ ਨਿਮਾਣੇ ਸਿੱਖ ਨੂੰ ਜਿੰਨੀ ਤਾਕਤ ਬਖ਼ਸੀ ਸੀ ਮੈਂ ਉਸ ਤੋਂ ਵੱਧ ਉਸਦੀ ਜ਼ਿੰਮੇਵਾਰੀ ਨਿਭਾ ਰਿਹਾ ਹਾਂ। ਮੈ ਇਹ ਭਲੀਭਾਂਤ ਸਮਝਦਾ ਹਾਂ ਕਿ ਤਾਕਤ ਵਿਚ ਰਹਿਣ ਦਾ ਮਤਲਬ ਹੈ ਲੋਕਾਂ ਪ੍ਰਤੀ ਜੁਆਬਦੇਹ ਹੋਣਾ ਤੇ ਮੈਂ ਆਪਣਾ ਕਿਰਦਾਰ ਲੋਕਾਂ ਸਾਹਮਣੇ ਖੁੱਲ੍ਹੀ ਕਿਤਾਬ ਵਾਂਗ ਰੱਖ ਕੇ ਚੱਲਦਾ ਹਾਂ।  ਲੋਕ ਜਾਣਦੇ ਹਨ ਕਿ ਹੁਣ ਤੱਕ ਮੈਂ ਕੀ ਕੀਤਾ ਹੈ ਤੇ ਕੀ ਕਰ ਸਕਦਾ ਹਾਂ ਤੇ ਕੀ ਕਰ ਰਿਹਾ ਹਾਂ। ਗੁਰੂ ਸਾਹਿਬ ਦੇ ਹੁਕਮ ਸਦਕਾ ਜਿਸ ਦਿਨ ਲੋਕਾਂ ਨੇ ਮੈਨੂੰ ਹੁਣ ਤੋਂ ਜਿਆਦਾ ਤਾਕਤ ਬਖ਼ਸੀ ਤਾਂ ਉਹ ਵੀ ਕਰਾਂਗਾ ਜੋ ਉਸ ਸਮੇਂ ਮੇਰੇ ਹੱਥ ਵਿਚ ਹੋਵੇਗਾ। ਮੈਂ ਲੋਕਾਂ ਦੇ ਦਿੱਤੇ ਪਿਆਰ, ਸਤਿਕਾਰ ਅਤੇ ਤਾਕਤ ਨੂੰ ਹਮੇਸ਼ਾਂ ਉਨ੍ਹਾਂ ਤੱਕ ਵਾਪਸ ਲੈ ਕੇ ਜਾਂਦਾ ਰਹਾਂਗਾ ਤੇ ਉਨ੍ਹਾਂ ਦੀ ਆਵਾਜ਼ ਚੁੱਕਦਾ ਰਹਾਂਗਾ। ਇਹ ਤੁਹਾਡਾ ਵਿਚਾਰ ਹੈ ਕਿ ਅਸਤੀਫ਼ਾ ਦੇ ਕੇ ਕੋਈ ਹੱਲ ਨਿੱਕਲ ਸਕਦਾ ਹੈ ਤੇ ਮੈਂ ਮੰਨਦਾ ਹਾਂ ਕਿ ਸਿਸਟਮ ‘ਚ ਵੜ ਕੇ ਹੀ ਸਿਸਟਮ ਨੂੰ ਬਦਲਿਆ ਜਾ ਸਕਦਾ ਹੈ ਨਾ ਕਿ ਸਿਸਟਮ ਚੋਂ ਬਾਹਰ ਹੋ ਕੇ। ਸਗੋਂ ਸੂਬੇ ਦੀ ਕਾਰਜਕਾਰੀ ਸਕਤੀ (ਖਾਸ ਤੌਰ ‘ਤੇ ਮੁੱਖ ਮੰਤਰੀ/ਗ੍ਰਹਿ ਮੰਤਰੀ) ਜਿਸ ਕੋਲ ਹੈ ਉਸ ਨੂੰ ਹਲੂਣੀਏ ਕਿ ਉਹ ਆਪਣੀ ਜ਼ਿੰਮੇਵਾਰੀ ਨਿਭਾਏ। ਧੰਨਵਾਦ ।
ਨਵਜੋਤ ਸਿੰਘ ਸਿੱਧੂ
ਵਿਧਾਇਕ, ਅੰਮ੍ਰਿਤਸਰ ਪੂਰਬੀ

Get the latest update about Harwinder singh Phoolka, check out more about wrote a letter, Navjot Singh Sidhu, senior SC lawyer & justice in contempt case

Like us on Facebook or follow us on Twitter for more updates.