ਟੋਕੀਓ(ਬਿਊਰੋ)— ਜਾਪਾਨ ਦਾ ਸ਼ਹਿਰ ਆਓਮੋਰੀ ਦੁਨੀਆ ਦੀਆਂ ਸਭ ਤੋਂ ਵੱਧ ਬਰਫ਼ੀਲੀਆਂ ਥਾਵਾਂ 'ਚੋਂ ਇਕ ਹੈ। ਇੱਥੇ 21 ਫੁੱਟ ਤੱਕ ਬਰਫ਼ਬਾਰੀ ਹੋਈ ਹੈ। ਇੰਨੀ ਬਰਫ਼ ਦੋ ਮੰਜ਼ਲੀ ਇਮਾਰਤ ਨੂੰ ਢੱਕਣ ਲਈ ਕਾਫੀ ਹੁੰਦੀ ਹੈ। ਪਿਛਲੇ ਸਾਲ ਬਰਫ਼ ਹਟਾਉਣ ਲਈ ਸਰਕਾਰ ਨੂੰ 35 ਮਿਲੀਅਨ ਡਾਲਰ (ਕਰੀਬ 248 ਕਰੋੜ ਰੁਪਏ) ਖ਼ਰਚ ਕਰਨੇ ਪਏ ਸਨ। ਜਾਣਕਾਰੀ ਮੁਤਾਬਕ ਇਸ ਸ਼ਹਿਰ 'ਚ 30 ਹਜ਼ਾਰ ਲੋਕ ਰਹਿੰਦੇ ਹਨ।
ਆਓਮੋਰੀ 'ਚ ਹਰ ਸਾਲ ਬਰਫ਼ੀਲੇ ਤੂਫਾਨ ਆਉਂਦੇ ਹਨ। ਨਵੰਬਰ ਤੋਂ ਹੀ ਸ਼ਹਿਰ 'ਚ ਹੱਡੀਆਂ ਕੰਬਾ ਦੇਣ ਵਾਲੀਆਂ ਸਾਈਬੇਰੀਆਈ ਹਵਾਵਾਂ ਚੱਲਦੀਆਂ ਹਨ। ਜਿਵੇਂ ਹੀ ਠੰਢੀ ਹਵਾ ਜਾਪਾਨ ਦੇ ਪਹਾੜੀ ਤੱਟ ਤੋਂ ਗਰਮ ਪਾਣੀ ਨੂੰ ਪਾਰ ਕਰਦੀ ਹੈ, ਇਹ ਨਮੀ ਇਕੱਠੀ ਕਰਦੀ ਹੈ ਤੇ ਬਰਫ਼ 'ਚ ਤਬਦੀਲ ਹੋ ਜਾਂਦੀ ਹੈ। ਇਸ ਨੂੰ 'ਸੀ ਇਫੈਕਟ ਸਨੋਅ' ਕਿਹਾ ਜਾਂਦਾ ਹੈ। ਨਵੰਬਰ ਤੋਂ ਸ਼ਹਿਰ 'ਚ 8 ਫੁੱਟ ਤੱਕ ਬਰਫ਼ਬਾਰੀ ਹੋ ਜਾਂਦੀ ਹੈ। ਅਪ੍ਰੈਲ ਮਹੀਨੇ ਤੱਕ ਬਰਫ਼ ਦੀ ਮੋਟੀ ਪਰਤ ਰਹਿੰਦੀ ਹੈ।
ਇਸ ਸੰਬੰਧੀ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇੱਥੇ ਰਹਿਣ ਵਾਲੇ ਹਰ ਵਿਅਕਤੀ ਨੂੰ ਹਰ ਦਿਨ ਸੰਘਰਸ਼ ਕਰਨਾ ਪੈਂਦਾ ਹੈ। ਹਾਲਾਂਕਿ ਠੰਢ ਦੇ ਦਿਨਾਂ 'ਚ ਇੱਥੇ ਆਵਾਜਾਈ ਨਹੀਂ ਹੁੰਦੀ। ਬਰਫ਼ ਦੇਖਣ ਲਈ ਇੱਥੇ ਭਾਰੀ ਗਿਣਤੀ ਸੈਲਾਨੀ ਆਉਂਦੇ ਹਨ। ਇੱਥੇ ਜ਼ਿਆਦਾਤਰ ਮੱਛੀ ਖਾਸ ਕਰ ਕਾਡਫਿਸ਼ ਖਾਧੀ ਜਾਂਦੀ ਹੈ।