ਪੰਜਾਬ ਦੀ ਪਰਾਲੀ ਰੇਲ ਰਾਹੀਂ ਭੇਜੀ ਜਾਵੇਗੀ ਕੇਰਲਾ, ਪਸ਼ੂਆਂ ਦੇ ਚਾਰੇ ਵੱਜੋਂ ਹੋਵੇਗਾ ਇਸਤੇਮਾਲ

ਪੰਜਾਬ ਵਿਚ ਪ੍ਰਦੂਸ਼ਣ ਦਾ ਵੱਡਾ ਕਾਰਨ ਬਣ ਚੁੱਕੀ ਝੋਨੇ ਦੀ ਪਰਾਲੀ ਨੂੰ ਹੁਣ ਕੇਰਲ ਵਿਚ ਪਸ਼ੂ...

ਜਲੰਧਰ- ਪੰਜਾਬ ਵਿਚ ਪ੍ਰਦੂਸ਼ਣ ਦਾ ਵੱਡਾ ਕਾਰਨ ਬਣ ਚੁੱਕੀ ਝੋਨੇ ਦੀ ਪਰਾਲੀ ਨੂੰ ਹੁਣ ਕੇਰਲ ਵਿਚ ਪਸ਼ੂਆਂ ਦੀ ਖੁਰਾਕ ਲਈ ਵਰਤਿਆ ਜਾਵੇਗਾ। ਇਸ ਅਨੁਸਾਰ ਪਰਾਲੀ ਦੀ ਸਪਲਾਈ ਪੰਜਾਬ ਤੋਂ ਕੇਰਲਾ ਨੂੰ ਕੀਤੀ ਜਾਵੇਗੀ। ਕੇਰਲਾ ਰਾਜ ਪਸ਼ੂ ਪਾਲਣ ਅਤੇ ਪੌਸ਼ਟਿਕ ਚਾਰੇ ਲਈ ਪੰਜਾਬ ਦਾ ਮਾਡਲ ਵਰਤਿਆ ਜਾਵੇਗਾ।

ਕੇਰਲ ਦੇ ਪਸ਼ੂ ਪਾਲਣ ਮੰਤਰੀ ਜੇ. ਚਿੰਚੁਰਾਨੀ ਨੇ ਵੀਰਵਾਰ ਨੂੰ ਪੰਜਾਬ ਭਵਨ ਵਿਖੇ ਹੋਈ ਮੀਟਿੰਗ ਦੌਰਾਨ ਪਸ਼ੂ ਖੁਰਾਕ ਪ੍ਰਬੰਧਨ ਲਈ ਪੰਜਾਬ ਮਾਡਲ ਅਪਣਾਉਣ ਵਿਚ ਦਿਲਚਸਪੀ ਦਿਖਾਈ। ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਕੇਰਲਾ ਨੂੰ ਪਸ਼ੂਆਂ ਦੀ ਖੁਰਾਕ ਲਈ ਪਰਾਲੀ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ ਹੈ, ਜਿਸ ਨਾਲ ਪੰਜਾਬ ਵਿਚ ਪਰਾਲੀ ਸਾੜਨ ਦੀ ਸਮੱਸਿਆ ਨੂੰ ਰੋਕਣ ਸਮੇਤ ਵੱਡੀ ਮਾਤਰਾ ਵਿਚ ਪਰਾਲੀ ਨਾਲ ਨਜਿੱਠਣ ਵਿਚ ਮਦਦ ਮਿਲੇਗੀ। ਪੰਜਾਬ ਦੇ ਪਸ਼ੂਆਂ ਦੀ ਖੁਰਾਕ, ਬੁਨਿਆਦੀ ਢਾਂਚੇ ਅਤੇ ਢੁਕਵੇਂ ਵਾਤਾਵਰਨ ਦੀ ਤਰਜ਼ 'ਤੇ ਕਾਨੂੰਨ ਬਣਾਉਣ ਲਈ ਕੇਰਲਾ ਸਰਕਾਰ ਦੇ 21 ਮੈਂਬਰੀ ਵਫ਼ਦ ਦੀ ਅਗਵਾਈ ਕਰ ਰਹੇ ਪਸ਼ੂ ਪਾਲਣ ਮੰਤਰੀ ਜੇ.ਚਿੰਚੁਰਾਨੀ ਨੇ ਪੰਜਾਬ ਦੇ ਪਸ਼ੂ ਪਾਲਣ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਪੱਤਰ ਸੌਂਪਿਆ।

ਇਸ ਉਪਰਾਲੇ ਨੂੰ ਦੋਵਾਂ ਸੂਬਿਆਂ ਲਈ ਲਾਹੇਵੰਦ ਦੱਸਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਸਰਕਾਰ ਇਸ ਦਿਸ਼ਾ ਵਿਚ ਹਰ ਸੰਭਵ ਸਹਿਯੋਗ ਲਈ ਤਿਆਰ ਹੈ। ਆਉਣ ਵਾਲੇ ਦਿਨਾਂ ਦੌਰਾਨ ਇਸ ਪ੍ਰਸਤਾਵਿਤ ਪ੍ਰੋਜੈਕਟ ਨੂੰ ਪੂਰਾ ਕਰਨ ਲਈ ਸੰਭਾਵਨਾਵਾਂ ਤਲਾਸ਼ੀਆਂ ਜਾਣਗੀਆਂ।

ਪੰਜਾਬ ਦੇ ਦੋ ਦਿਨਾਂ ਦੌਰੇ 'ਤੇ ਚੰਡੀਗੜ੍ਹ ਪਹੁੰਚੇ ਕੇਰਲ ਸਰਕਾਰ ਦੇ ਵਫ਼ਦ ਦਾ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਅਤੇ ਪ੍ਰਮੁੱਖ ਸਕੱਤਰ ਵਿਕਾਸ ਪ੍ਰਤਾਪ ਨੇ ਸਵਾਗਤ ਕੀਤਾ। ਇਸ ਤੋਂ ਬਾਅਦ ਮੀਟਿੰਗ ਦੌਰਾਨ ਚਿੰਚੁਰਾਨੀ ਨੇ ਕਿਹਾ ਕਿ ਕੇਰਲਾ ਦੇ ਲੋਕਾਂ ਲਈ ਡੇਅਰੀ ਫਾਰਮਿੰਗ ਇੱਕ ਮਹੱਤਵਪੂਰਨ ਉਪਜੀਵਕਾ ਹੈ ਅਤੇ ਡੇਅਰੀ ਦਾ ਕਿੱਤਾ ਲੱਖਾਂ ਕਿਸਾਨਾਂ ਦੀ ਆਮਦਨ ਦਾ ਮੁੱਖ ਸਰੋਤ ਹੈ। ਪੰਜਾਬ ਤੋਂ ਬਾਅਦ ਕੇਰਲਾ ਦੇਸ਼ ਦਾ ਦੂਜਾ ਸਭ ਤੋਂ ਵੱਡਾ ਦੁੱਧ ਉਤਪਾਦਕ ਹੈ। ਪਿਛਲੇ ਕੁਝ ਸਾਲਾਂ ਵਿਚ ਪਸ਼ੂਆਂ ਦੇ ਚਾਰੇ ਦੀਆਂ ਕੀਮਤਾਂ ਵਿਚ ਵਾਧੇ ਕਾਰਨ ਡੇਅਰੀ ਕਿਸਾਨਾਂ ਦੀ ਆਰਥਿਕਤਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਤੱਟਵਰਤੀ ਰਾਜ ਕੇਰਲਾ ਵਿਚ ਘੱਟ ਵਾਹੀਯੋਗ ਜ਼ਮੀਨ ਕਾਰਨ ਪਸ਼ੂਆਂ ਲਈ ਲੋੜੀਂਦਾ ਚਾਰਾ ਪੈਦਾ ਨਹੀਂ ਹੁੰਦਾ। ਜੇਕਰ ਕੇਂਦਰ ਸਰਕਾਰ ਵੱਲੋਂ ਐਲਾਨੇ ਕਿਸਾਨ ਰੇਲ ਪ੍ਰੋਜੈਕਟ ਰਾਹੀਂ ਪਰਾਲੀ ਨੂੰ ਕੇਰਲਾ ਰਾਜ ਵਿਚ ਭੇਜਿਆ ਜਾਂਦਾ ਹੈ ਤਾਂ ਇਸ ਨਾਲ ਕੇਰਲ ਦੇ ਡੇਅਰੀ ਕਿਸਾਨਾਂ ਨੂੰ ਵੱਡਾ ਫਾਇਦਾ ਹੋਵੇਗਾ।

ਪਸ਼ੂ ਪਾਲਣ ਵਿਭਾਗ ਦੇ ਪ੍ਰਮੁੱਖ ਸਕੱਤਰ ਵਿਕਾਸ ਪ੍ਰਤਾਪ ਨੇ ਰਾਜ ਵਿਚ ਪਸ਼ੂਆਂ ਦੀਆਂ ਬਿਮਾਰੀਆਂ ਅਤੇ ਵੈਕਸੀਨ ਸੰਸਥਾਵਾਂ ਬਾਰੇ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਇਸ ਸਮੇਂ ਪੰਜਾਬ ਵਿਚ ਲਗਭਗ 3,000 ਪਸ਼ੂ ਸੰਘ ਹਨ, ਜੋ ਸੂਬੇ ਵਿਚ ਪ੍ਰਤੀ ਸੰਸਥਾ ਔਸਤਨ 2,400 ਪਸ਼ੂਆਂ ਅਤੇ ਲਗਭਗ 4.5 ਕਿਲੋਮੀਟਰ ਦੇ ਘੇਰੇ ਵਿਚ ਸੇਵਾਵਾਂ ਪ੍ਰਦਾਨ ਕਰ ਰਹੇ ਹਨ।

Get the latest update about stubble, check out more about punjab, Truescoop News, kerala & Punjab News

Like us on Facebook or follow us on Twitter for more updates.