ਜਲੰਧਰ ਕਮਿਸ਼ਨਰੇਟ ਪੁਲਿਸ ਨੇ ਪੇਸ਼ ਕੀਤੀ ਮਿਸਾਲ, ਟੀਕਾਕਰਨ ਲਈ ਸਥਾਨਕ ਪੁਲਿਸ ਹਸਪਤਾਲ ਦੇ ਖੋਲ੍ਹੇ ਦਰਵਾਜ਼ੇ

ਜਲੰਧਰ ਕਮਿਸ਼ਨਰੇਟ ਪੁਲਿਸ ਨੇ ਕੋਰੋਨਾ ਵਾਇਰਸ ਮਹਾਂਮਾਰੀ ਦੇ ਦੌਰ ਵਿੱਚ ਮਨੁੱਖਤਾਵਾਦੀ ਪੁਲਿਸਿੰਗ ਵਿੱਚ ਇ...

ਜਲੰਧਰ: ਜਲੰਧਰ ਕਮਿਸ਼ਨਰੇਟ ਪੁਲਿਸ ਨੇ ਕੋਰੋਨਾ ਵਾਇਰਸ ਮਹਾਂਮਾਰੀ ਦੇ ਦੌਰ ਵਿੱਚ ਮਨੁੱਖਤਾਵਾਦੀ ਪੁਲਿਸਿੰਗ ਵਿੱਚ ਇਕ ਹੋਰ ਮਿਸਾਲ ਕਾਇਮ ਕਰਦਿਆਂ ਸ਼ਹਿਰ ਦੇ ਨਾਗਰਿਕਾਂ ਲਈ ਕੋਵਿਡ ਟੀਕਾਕਰਨ ਨੂੰ ਯਕੀਨੀ ਬਣਾਉਣ ਵਾਸਤੇ ਸਥਾਨਕ ਪੁਲਿਸ ਹਸਪਤਾਲ ਦੇ ਦਰਵਾਜ਼ੇ ਖੋਲ੍ਹ ਦਿੱਤੇ ਹਨ । 

ਵਧੇਰੇ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਸ਼੍ਰੀ ਗੁਰਪ੍ਰੀਤ ਸਿੰਘ ਭੁੱਲਰ, ਜੋ ਇਸ ਮਹਾਂਮਾਰੀ ਦੇ ਫੈਲਣ ਤੋਂ ਬਾਅਦ ਤੋਂ ਹੀ ਪੁਲਿਸ ਫੋਰਸ ਦੀ ਬਹਾਦਰੀ ਨਾਲ ਅਗਵਾਈ ਕਰ ਰਹੇ ਹਨ, ਨੇ ਦੱਸਿਆ ਕਿ ਪੁਲਿਸ ਹਸਪਤਾਲ ਵਿੱਚ ਪੁਲਿਸ ਮੁਲਾਜ਼ਮਾਂ ਦਾ ਟੀਕਾਕਰਨ ਚੱਲ ਰਿਹਾ ਹੈ, ਜੋ ਕੋਵਿਡ 19 ਵਿਰੁੱਧ ਲੜੀ ਜਾ ਰਹੀ ਇਸ ਲੜਾਈ ਵਿੱਚ ਮੋਹਰਲੀ ਕਤਾਰ ਦੇ ਯੋਧੇ ਹਨ। ਉਨ੍ਹਾਂ ਕਿਹਾ ਕਿ ਮਹਾਂਮਾਰੀ ਦੇ ਮਾਮਲਿਆਂ ਵਿੱਚ ਵਾਧੇ ਦੇ ਮੱਦੇਨਜ਼ਰ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਲੋਕਾਂ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਬਾਖੂਬੀ ਸਮਝਦਿਆਂ ਸਥਾਨਕ ਨਿਵਾਸੀਆਂ ਲਈ ਪੁਲਿਸ ਹਸਪਤਾਲ ਖੋਲ੍ਹ ਦੇ ਦਰਵਾਜ਼ੇ ਖੋਲ੍ਹੇ ਦਿੱਤੇ ਹਨ ਅਤੇ ਵੱਡੀ ਗਿਣਤੀ ਵਿੱਚ ਯੋਗ ਨਾਗਰਿਕ ਪ੍ਰਤੀਦਿਨ ਇਸ ਪੁਲਿਸ ਹਸਪਤਾਲ ਵਿੱਚ ਟੀਕਾਕਰਨ ਕਰਵਾ ਰਹੇ ਹਨ।

ਪੁਲਿਸ ਕਮਿਸ਼ਨਰ ਨੇ ਸੰਕਟ ਦੀ ਇਸ ਘੜੀ ਵਿੱਚ ਲੋਕਾਂ ਦੀ ਸੇਵਾ ਲਈ ਜਲੰਧਰ ਕਮਿਸ਼ਨਰੇਟ ਪੁਲਿਸ ਦੀ ਦ੍ਰਿੜ ਵਚਨਬੱਧਤਾ ਨੂੰ ਦੁਹਰਾਉਂਦਿਆਂ ਕਿਹਾ ਕਿ ਕਾਨੂੰਨ ਵਿਵਸਥਾ ਨੂੰ ਕਾਇਮ ਰੱਖਣ ਤੋਂ ਇਲਾਵਾ ਪੁਲਿਸ ਵੱਲੋਂ ਲੋਕਾਂ ਨੂੰ ਰਾਹਤ ਪਹੁੰਚਾਉਣ ਲਈ ਹਰ ਸੰਭਵ ਯਤਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਹਸਪਤਾਲ ਵਿੱਚ ਹੁਣ ਤੱਕ 3168 ਵਿਅਕਤੀਆਂ ਦਾ ਟੀਕਾਕਰਨ ਕੀਤਾ ਜਾ ਚੁੱਕਾ ਹੈ, ਜਿਸ ਵਿੱਚੋਂ 789 ਪੁਲਿਸ ਕਰਮਚਾਰੀ ਹਨ, 143 ਉਨ੍ਹਾਂ ਦੇ ਪਰਿਵਾਰਕ ਮੈਂਬਰ ਅਤੇ 2236 ਵਿਅਕਤੀ ਸਥਾਨਕ ਨਾਗਰਿਕ ਹਨ। ਸ਼੍ਰੀ ਭੁੱਲਰ ਨੇ ਕਿਹਾ ਕਿ ਕਮਿਸ਼ਨਰੇਟ ਪੁਲਿਸ ਨਾਗਰਿਕਾਂ ਦੀ ਸੇਵਾ ਲਈ ਵਚਨਬੱਧ ਅਤੇ ਸੰਕਟ ਦੀ ਇਸ ਘੜੀ ਵਿੱਚ ਲੋਕਾਂ ਨੂੰ ਰਾਹਤ ਪਹੁੰਚਾਉਣ ਨੂੰ ਯਕੀਨੀ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਜ਼ਿਕਰਯੋਗ ਹੈ ਕਿ ਡਿਪਟੀ ਕਮਿਸ਼ਨਰ ਪੁਲਿਸ ਸ੍ਰੀ ਗੁਰਮੀਤ ਸਿੰਘ ਇਸ ਕੈਂਪ ਦੇ ਇੰਚਾਰਜ ਹਨ। 

ਗੌਰਤਲਬ ਹੈ ਕਿ ਜ਼ਿਲ੍ਹੇ ਵਿਚ ਅਮਨ-ਕਾਨੂੰਨ ਨੂੰ ਬਣਾਈ ਰੱਖਣ ਤੋਂ ਇਲਾਵਾ ਕਮਿਸ਼ਨਰੇਟ ਪੁਲਿਸ ਵੱਲੋਂ ਲੋਕਾਂ ਨੂੰ ਰਾਹਤ ਪਹੁੰਚਾਉਣ ਵਿੱਚ ਅਹਿਮ ਭੁਮਿਕਾ ਅਦਾ ਕੀਤੀ ਗਈ। ਪਿਛਲੇ ਸਾਲ ਮਾਰਚ ਵਿੱਚ ਮਹਾਂਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਕਮਿਸ਼ਨਰੇਟ ਪੁਲਿਸ ਵੱਲੋਂ ਲੋੜਵੰਦ ਵਿਅਕਤੀਆਂ ਨੂੰ ਸੁੱਕੇ ਰਾਸ਼ਨ ਦੇ 5.73 ਲੱਖ ਪੈਕਟ ਅਤੇ ਪਕਾਏ ਹੋਏ ਖਾਣੇ ਦੇ 44932 ਪੈਕਟ ਵੰਡੇ ਜਾ ਚੁੱਕੇ ਹਨ । ਇਸੇ ਤਰ੍ਹਾਂ ਕਾਨੂੰਨ ਵਿਵਸਥਾ ਦੇ ਮੋਰਚੇ 'ਤੇ ਪੁਲਿਸ ਵੱਲੋਂ ਕਰਫਿਊ/ਤਾਲਾਬੰਦੀ ਨਿਯਮਾਂ ਦੀ ਉਲੰਘਣਾ ਕਰਨ 'ਤੇ 2002 ਐਫ.ਆਈ.ਆਰ. ਦਰਜ ਕੀਤੀਆਂ ਗਈਆਂ ਹਨ ਅਤੇ ਉਲੰਘਣਾ ਕਰਨ ਵਾਲਿਆਂ ਤੋਂ ਲਗਭਗ 4.50 ਕਰੋੜ ਰੁਪਏ ਵਸੂਲੇ ਗਏ ਹਨ ।

ਇਸ ਦੌਰਾਨ ਲਾਡੋਵਾਲੀ ਰੋਡ, ਜਲੰਧਰ ਦੀ ਵਸਨੀਕ ਸ਼੍ਰੀਮਤੀ ਊਸ਼ਾ ਨੇ ਜਲੰਧਰ ਕਮਿਸ਼ਨਰੇਟ ਪੁਲਿਸ ਦੀ ਇਸ ਪਹਿਲਕਦਮੀ ਦਾ ਸਵਾਗਤ ਕਰਦਿਆਂ ਨੇ ਕਿਹਾ ਕਿ ਕਮਿਸ਼ਨਰੇਟ ਪੁਲਿਸ ਦੇ ਇਸ ਉਪਰਾਲੇ ਸਦਕਾ ਉਸ ਨੂੰ ਆਪਣੇ ਘਰ ਨਜ਼ਦੀਕ ਹੀ ਟੀਕਾ ਲਗਵਾਉਣ ਵਿੱਚ ਬਹੁਤ ਮਦਦ ਮਿਲੀ ਹੈ। ਉਸ ਨੇ ਕਿਹਾ ਕਿ ਬਜ਼ੁਰਗ ਹੋਣ ਕਾਰਨ ਉਸ ਲਈ ਦੂਰ ਜਾਣਾ ਬਹੁਤ ਮੁਸ਼ਕਲ ਸੀ ਅਤੇ ਕਮਿਸ਼ਨਰੇਟ ਪੁਲਿਸ ਦੇ ਯਤਨਾਂ ਸਦਕਾ ਉਸ ਨੂੰ ਆਪਣੇ ਘਰ ਨੇੜੇ ਹੀ ਟੀਕਾ ਲਗਵਾਉਣ ਦੀ ਸਹੂਲਤ ਪ੍ਰਾਪਤ ਹੋ ਗਈ ।

ਇਸੇ ਤਰ੍ਹਾਂ ਸ੍ਰੀ ਗੁਰੂ ਤੇਗ ਬਹਾਦਰ ਨਗਰ ਦੀ ਵਸਨੀਕ ਸ਼੍ਰੀਮਤੀ ਜੋਤਿਕਾ ਨੇ ਵੀ ਕਮਿਸ਼ਨਰੇਟ ਵੱਲੋਂ ਚੁੱਕੇ ਗਏ ਕਦਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਇੱਕ ਨਵਾਂ ਮੀਲ ਪੱਥਰ ਹੈ, ਜਿਸਦਾ ਉਦੇਸ਼ ਵਸਨੀਕਾਂ ਨੂੰ ਟੀਕਾਕਰਨ ਕਰਵਾਉਣ ਦੀ ਸਹੂਲਤ ਦੇਣਾ ਹੈ, ਜਿਸ ਨਾਲ ਕੋਵਿਡ ਮਹਾਂਮਾਰੀ ਵਿਰੁੱਧ ਲੜੀ ਜਾ ਰਹੀ ਜੰਗ ਜਿੱਤਣ ਵਿੱਚ ਸਹਾਇਤਾ ਮਿਲੇਗੀ।

Get the latest update about example, check out more about vaccination, Jalandhar, local police hospital & Commissionerate of Police

Like us on Facebook or follow us on Twitter for more updates.