ਪੰਜਾਬ ਦੇ ਮੰਤਰੀ ਨੂੰ ਮੰਡੀ ਵਿਚ ਕਿਸਾਨ ਨੇ ਸੁਣਾਈਆਂ ਖਰੀਆਂ-ਖਰੀਆਂ, ਕਿਹਾ-ਪੱਲਿਓਂ ਖਰਚਾ ਕਰਕੇ ਆਪ ਨੂੰ ਜਿਤਾਇਆ

ਅੰਮ੍ਰਿਤਸਰ : ਪੰਜਾਬ ਦੇ ਅੰਮ੍ਰਿਤਸਰ ਵਿਚ ਭਗਤਾਂ ਵਾਲਾ ਦਾਣਾ ਮੰਡੀ ਵਿਚ ਕਣਕ ਦੀ ਖਰੀਦ ਦੀ ਰਸਮੀ

ਅੰਮ੍ਰਿਤਸਰ : ਪੰਜਾਬ ਦੇ ਅੰਮ੍ਰਿਤਸਰ ਵਿਚ ਭਗਤਾਂ ਵਾਲਾ ਦਾਣਾ ਮੰਡੀ ਵਿਚ ਕਣਕ ਦੀ ਖਰੀਦ ਦੀ ਰਸਮੀ ਸ਼ੁਰੂਆਤ ਲਈ ਪਹੁੰਚੇ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਨੂੰ ਇਕ ਕਿਸਾਨ ਨੇ ਖਰੀਆਂ-ਖਰੀਆਂ ਸੁਣਾਈਆਂ। ਕਿਸਾਨ ਨੇ ਕਿਹਾ ਕਿ ਖੁਦ ਦੀ ਜੇਬ ਵਿਚੋਂ ਖਰਚ ਕਰਕੇ ਆਮ ਆਦਮੀ ਪਾਰਟੀ ਨੂੰ ਜਿਤਾਇਆ ਹੈ ਅਤੇ ਜੇਕਰ ਹੁਣ ਵੀ ਰੇਟ ਪਿੰਡ ਤੋਂ ਘੱਟ ਮਿਲਣਾ ਹੈ ਤਾਂ ਫਿਰ ਕੀ ਫਰਕ ਰਹਿ ਜਾਵੇਗਾ।
ਸੋਮਵਾਰ ਨੂੰ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਦੁਪਹਿਰ ਬਾਅਦ ਭਗਤਾਂ ਵਾਲਾ ਮੰਡੀ ਵਿਚ ਕਣਕ ਦੀ ਰਸਮੀ ਖਰੀਦ ਦੀ ਸ਼ੁਰੂਆਤ ਕਰਨ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਉਹ ਕਿਸਾਨਾਂ ਨੂੰ ਕਣ ਅਤੇ ਝੋਨੇ ਦੀ ਖੇਤੀ ਵਿਚੋਂ ਬਾਹਰ ਕੱਢ ਕੇ ਡੇਅਰੀ ਫਾਰਮਿੰਗ, ਪੋਲਟਰੀ ਫਾਰਮਿੰਗ ਵਰਗੀਆਂ ਚੀਜਾਂ ਲਈ ਪ੍ਰੇਰਿਤ ਕਰਨਗੇ ਤਾਂ ਜੋ ਪੰਜਾਬ ਵੀ ਤਰੱਕੀ ਕਰੇ। ਉਨ੍ਹਾਂ ਦੀਆਂ ਇਨ੍ਹਾਂ ਗੱਲਾਂ ਨੂੰ ਸੁਣ ਕੇ ਅਜਨਾਲਾ ਦੇ ਕਿਸਾਨ ਗੁਰਪ੍ਰੀਤ ਸਿੰਘ ਨੇ ਧਾਲੀਵਾਲ ਨੂੰ ਕਹਿਣਾ ਸ਼ੁਰੂ ਕਰ ਦਿੱਤਾ।
ਧਾਲੀਵਾਲ ਦੇ ਨਾਲ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਅਤੇ ਡੀ.ਸੀ. ਸੂਦਨ ਵੀ ਮੌਜੂਦ ਸਨ। ਕੁਲਦੀਪ ਧਾਲੀਵਾਲ ਦਾ ਪਹਿਲਾਂ ਸਵਾਗਤ ਕੀਤਾ ਗਿਆ ਫਿਰ ਉਨ੍ਹਾਂ ਨੂੰ ਮਿਲਣ ਕੁਝ ਕਿਸਾਨ ਪਹੁੰਚੇ। ਜਿਨ੍ਹਾਂ ਵਿਚੋਂ ਅਜਨਾਲਾ ਦੇ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਪਿੰਡ ਵਿਚ ਕਣਕ ਦਾ ਰੇਟ 7000 ਮਿਲ ਰਿਹਾ ਹੈ ਅਤੇ ਇਥੇ ਆ ਕੇ 5200 ਵਿਚ ਕਿਉਂ ਵੇਚਣ। ਕਿਸਾਨ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਉਹ ਪੜ੍ਹੇ ਲਿਖੇ ਹਨ। ਖੁਦ ਸਰ੍ਹੋਂ ਨੂੰ ਲੱਦ ਕਿ ਲੈ ਕੇ ਆਏ, ਪਰ ਇਥੇ ਆ ਕੇ ਇੰਨਾ ਰੇਟ ਘੱਟ ਮਿਲ ਰਿਹਾ ਹੈ। ਇਸ ਲਈ ਇਥੋਂ ਦੇ ਨੌਜਵਾਨ ਬਾਹਰ ਜਾ ਰਹੇ ਹਨ।
ਇਸ 'ਤੇ ਧਾਲੀਵਾਲ ਨੇ ਕਿਹਾ ਕਿ 15 ਸਾਲ ਤੱਕ ਅਕਾਲੀ-ਕਾਂਗਰਸ ਆਉਂਦੇ ਰਹੇ ਤਾਂ ਕਿਸਾਨ ਨੇ ਕਿਹਾ ਕਿ ਜੋ ਕਰਨਾ ਸੀ ਉਹ ਕਰ ਲਿਆ, ਹੁਣ ਦੇਖਣਾ ਹੈ ਆਮ ਆਦਮੀ ਪਾਰਟੀ ਨੇ। ਧਾਲੀਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਆਏ ਨੂੰ ਸਿਰਫ਼ 10 ਦਿਨ ਹੀ ਹੋਏ ਹਨ ਤਾਂ ਕਿਸਾਨ ਨੇ ਕਿਹਾ ਕਿ ਜੇਕਰ ਤੁਹਾਨੂੰ ਜਿਣਸ ਦਾ ਭਾਅ ਨਹੀਂ ਮਿਲੇਗਾ ਤਾਂ ਕੀ ਫਾਇਦਾ। ਇਸ ਤੋਂ ਬਾਅਦ ਗੁਰਪ੍ਰੀਤ ਸਿੰਘ ਉਨ੍ਹਾਂ ਨੂੰ ਆਪਣੀ ਕਣਕ ਦਿਖਾਉਣ ਲਈ ਲੈ ਕੇ ਗਿਆ, ਜਿੱਥੇ ਮਾਰਕੀਟ ਕਮੇਟੀ ਦੇ ਪ੍ਰਧਾਨ ਨੇ ਕਣਕ ਵਿੱਚ ਨਮੀ ਹੋਣ ਕਾਰਨ ਰੇਟ ਘੱਟ ਹੋਣ ਦੀ ਗੱਲ ਕਹੀ ਤਾਂ ਕਿਸਾਨ ਨੇ ਕਿਹਾ ਕਿ ਇੱਕ ਕਿਸਾਨ ਦੀ ਸੁੱਕੀ ਕਣਕ ਇੱਥੇ 15 ਦਿਨਾਂ ਤੋਂ ਪਈ ਰਹੀ ਜਿਸ ਮਗਰੋਂ ਉਹ ਆਪਣੀ ਕਣਕ ਵਾਪਸ ਲੈ ਗਿਆ।
ਇਸ ਤੋਂ ਇਲਾਵਾ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਕਣਕ ਦੀ ਆਮਦ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਕਿਸਾਨਾਂ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮਾਝੇ ਵਿੱਚ ਕਣਕ ਦੀ ਆਮਦ ਦੇਰੀ ਨਾਲ ਹੁੰਦੀ ਹੈ ਪਰ ਸੂਬੇ ਵਿੱਚ 5.5 ਲੱਖ ਟਨ ਕਣਕ ਦੀ ਆਮਦ ਹੋ ਚੁੱਕੀ ਹੈ ਅਤੇ 4.3 ਲੱਖ ਟਨ ਦੀ ਖਰੀਦ ਹੋ ਚੁੱਕੀ ਹੈ। ਅੱਜ ਵੀ ਮੰਡੀਆਂ ਵਿੱਚ 2.6 ਲੱਖ ਟਨ ਕਣਕ ਦੀ ਆਮਦ ਹੋਈ ਹੈ। ਕਈ ਮੰਡੀਆਂ ਵਿੱਚ ਕਣਕ ਦੀ ਸਫ਼ਾਈ ਤੋਂ ਬਾਅਦ ਆਮਦ ਵਾਲੇ ਦਿਨ ਹੀ ਖਰੀਦ ਕੀਤੀ ਜਾ ਰਹੀ ਹੈ।
ਸਰਕਾਰ ਨੇ ਖਰੀਦ ਦੇ 72 ਘੰਟਿਆਂ ਅੰਦਰ ਕਣਕ ਦੀ ਲਿਫਟਿੰਗ ਦਾ ਮਾਪਦੰਡ ਤੈਅ ਕੀਤਾ ਹੈ। ਰਾਜ ਦੀਆਂ ਏਜੰਸੀਆਂ ਨੇ 7 ਅਪ੍ਰੈਲ ਨੂੰ 72 ਘੰਟੇ ਪਹਿਲਾਂ 26,872 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਸੀ, ਜਦੋਂ ਕਿ 67,449 ਮੀਟ੍ਰਿਕ ਟਨ ਕਣਕ ਮੰਡੀਆਂ ਵਿੱਚੋਂ ਗਈ ਹੈ। ਇਸੇ ਤਰ੍ਹਾਂ ਕਿਸਾਨਾਂ ਨੂੰ ਯਕਮੁਸ਼ਤ ਅਦਾਇਗੀ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਮੂਹ ਖਰੀਦ ਏਜੰਸੀਆਂ ਦੇ ਪ੍ਰਬੰਧਕਾਂ ਨੂੰ ਸੋਮਵਾਰ ਤੋਂ ਮੰਡੀਆਂ ਦਾ ਦੌਰਾ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ਤਾਂ ਜੋ ਕਿਸਾਨਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਸੁਖਵਿੰਦਰ ਸਿੰਘ ਗਿੱਲ ਡੀ.ਐਫ.ਐਸ.ਸੀ., ਦਮਨਪ੍ਰੀਤ ਕੌਰ ਐਸ.ਡੀ.ਐਮ., ਅਮਨਦੀਪ ਸਿੰਘ ਮੰਡੀ ਅਫ਼ਸਰ, ਰਾਜਵਿੰਦਰ ਸਿੰਘ ਮੰਡੀ ਸੁਪਰਡੈਂਟ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

Get the latest update about Truescoop news, check out more about Latest news, Punjab news, Farmer & Big news

Like us on Facebook or follow us on Twitter for more updates.