ਕਿਉਂ ਮਨਾਇਆ ਜਾਂਦਾ ‘ਵੈਲੇਂਟਾਈਨ ਡੇਅ’? ਜਾਣੋਂ ਕੀ ਹੈ 14 ਫਰਵਰੀ ਦਾ ਇਤਿਹਾਸ

ਅੱਜ 14 ਫ਼ਰਵਰੀ ਹੈ ਤੇ ਅੱਜ ਦੇ ਦਿਨ ਨੂੰ ਪੂਰੀ ਦੁਨੀਆ ਵਿੱਚ ‘ਵੈਲੇਂਟਾਈਨ ਡੇਅ’ ਵਜੋਂ ਮਨਾਇਆ...

ਅੱਜ 14 ਫ਼ਰਵਰੀ ਹੈ ਤੇ ਅੱਜ ਦੇ ਦਿਨ ਨੂੰ ਪੂਰੀ ਦੁਨੀਆ ਵਿੱਚ ‘ਵੈਲੇਂਟਾਈਨ ਡੇਅ’ ਵਜੋਂ ਮਨਾਇਆ ਜਾਂਦਾ ਹੈ। ਦੁਨੀਆ ਭਰ ਦੇ ਪ੍ਰੇਮੀ ਜੋੜੇ ਸਾਰਾ ਸਾਲ ਇਸ ਦਿਨ ਦੀ ਉਡੀਕ ਕਰਦੇ ਹਨ ਤੇ ਫਿਰ ਜਦੋਂ ਇਹ ਦਿਨ ਆਉਂਦਾ ਹੈ, ਤਾਂ ਇਸ ਨੂੰ ਖ਼ਾਸ ਅੰਦਾਜ਼ ਨਾਲ ਆਪਣੇ ‘ਸਪੈਸ਼ਲ ਵਨ’ ਨਾਲ ਸੈਲੀਬ੍ਰੇਟ ਕਰਦੇ ਹਨ। ਇਸ ਦਿਨ ਕੁਝ ਜੋੜੇ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹਨ ਤੇ ਕੁਝ ਆਪਣੇ ਪਾਰਟਨਰ ਨਾਲ ਸਾਰਾ ਦਿਨ ਖ਼ਾਸ ਅੰਦਾਜ਼ ਵਿੱਚ ਬਿਤਾਉਂਦੇ ਹਨ। ਆਓ ਜਾਣੀਏ ਕਿ 14 ਫ਼ਰਵਰੀ ਨੂੰ ‘ਵੈਲੇਂਟਾਈਨ ਡੇਅ’ ਕਿਉਂ ਮਨਾਇਆ ਜਾਂਦਾ ਹੈ?

ਇਸ ਸਬੰਧੀ ਪ੍ਰਚੱਲਿਤ ਇੱਕ ਕਹਾਣੀ ਅਨੁਸਾਰ ਤੀਜੀ ਸਦੀ ਈ. ਵਿੱਚ ਰੋਮ ਦੇ ਇੱਕ ਜ਼ਾਲਮ ਬਾਦਸ਼ਾਹ ਕਲੌਡੀਅਸ ਦੂਜੇ ਨੇ ਪਿਆਰ ਕਰਨ ਵਾਲਿਆਂ ਉੱਤੇ ਅਥਾਹ ਜ਼ੁਲਮ ਢਾਹੇ ਸਨ। ਉਸ ਨੂੰ ਲੱਗਦਾ ਸੀ ਕਿ ਪਿਆਰ ਤੇ ਵਿਆਹ ਨਾਲ ਮਰਦਾਂ ਦੀ ਅਕਲ ਤੇ ਤਾਕਤ ਦੋਵੇਂ ਨਸ਼ਟ ਹੋ ਜਾਂਦੀਆਂ ਹਨ। ਇਸੇ ਲਈ ਉਸ ਦੇ ਰਾਜ ਵਿੱਚ ਕੋਈ ਫ਼ੌਜੀ ਤੇ ਅਧਿਕਾਰੀ ਵਿਆਹ ਨਹੀਂ ਕਰ ਸਕਦਾ ਸੀ।

ਪਰ ਪਾਦਰੀ ਵੈਲੇਂਟਾਈਨ ਨੇ ਬਾਦਸ਼ਾਹ ਦੇ ਹੁਕਮਾਂ ਦੀ ਉਲੰਘਣਾ ਕਰ ਕੇ ਪ੍ਰੇਮ ਦਾ ਸੰਦੇਸ਼ ਦਿੱਤਾ। ਉਨ੍ਹਾਂ ਕਈ ਅਧਿਕਾਰੀਆਂ ਤੇ ਫ਼ੌਜੀਆਂ ਦੇ ਵਿਆਹ ਕਰਵਾਏ। ਇਸ ਤੋਂ ਬਾਦਸ਼ਾਹ ਉਸ ਸੰਤਨੁਮਾ ਪਾਦਰੀ ਤੋਂ ਨਾਰਾਜ਼ ਹੋ ਗਿਆ ਤੇ ਉਨ੍ਹਾਂ ਨੂੰ ਜੇਲ੍ਹੀਂ ਡੱਕ ਦਿੱਤਾ।

14 ਫ਼ਰਵਰੀ, 270 ਨੂੰ ਪਾਦਰੀ ਵੈਲੇਂਟਾਈਨ ਨੂੰ ਫਾਂਸੀ ’ਤੇ ਲਟਕਾ ਦਿੱਤਾ ਗਿਆ। ਪ੍ਰੇਮ ਲਈ ਕੁਰਬਾਨੀ ਦੇਣ ਵਾਲੇ ਇਸੇ ਸੰਤ ਦੀ ਯਾਦ ਵਿੱਚ ਹਰ ਸਾਲ 14 ਫ਼ਰਵਰੀ ਨੂੰ ‘ਵੈਲੇਂਟਾਈਨ ਡੇਅ’ ਮਨਾਉਣ ਦੀ ਰੀਤ ਸ਼ੁਰੂ ਹੋਈ। ਪਿਛਲੇ ਕੁਝ ਸਾਲਾਂ ਦੌਰਾਨ ਸੋਸ਼ਲ ਮੀਡੀਆ ਤੇ ਸੰਚਾਰ ਦੇ ਹੋਰ ਸਾਧਨ ਮਜ਼ਬੂਤ ਹੋਣ ਕਾਰਨ ਇਸ ਦਿਹਾੜੇ ਦੀ ਹਰਮਨਪਿਆਰਤਾ ਵਿੱਚ ਚੋਖਾ ਵਾਧਾ ਹੋਇਆ ਹੈ ਤੇ ਇਸ ਨੂੰ ਮਨਾਉਣ ਵਾਲਿਆਂ ਦੀ ਗਿਣਤੀ ਵਧੀ ਹੈ।

Get the latest update about february 14, check out more about History, valentines day, celebrate & lovers

Like us on Facebook or follow us on Twitter for more updates.