Video: ਪ੍ਰਭੂ ਯਿਸੂ 'ਤੇ ਵਾਰਿਸ ਪੰਜਾਬੀ ਦੇ ਮੁਖੀ ਦੀ ਟਿੱਪਣੀ ਤੋਂ ਬਾਅਦ ਭੜਕਿਆ ਈਸਾਈ ਭਾਈਚਾਰਾ, ਜਲੰਧਰ 'ਚ ਲਗਾਇਆ ਧਰਨਾ

ਵਾਰਿਸ ਪੰਜਾਬੀ ਦੇ ਮੁੱਖੀ ਅੰਮ੍ਰਿਤਪਾਲ ਸਿੰਘ ਵੱਲੋਂ ਪ੍ਰਭੂ ਯਿਸੂ ਬਾਰੇ ਕੀਤੀ ਟਿੱਪਣੀ ਤੋਂ ਬਾਅਦ ਈਸਾਈ ਭਾਈਚਾਰੇ ਵੱਲੋਂ ਜਲੰਧਰ ਵਿੱਚ ਨੈਸ਼ਨਲ ਹਾਈਵੇਅ ਬੰਦ ਕਰਨ ਦਾ ਐਲਾਨ ਕੀਤਾ ਗਿਆ...

ਵਾਰਿਸ ਪੰਜਾਬੀ ਦੇ ਮੁੱਖੀ ਅੰਮ੍ਰਿਤਪਾਲ ਸਿੰਘ ਵੱਲੋਂ ਪ੍ਰਭੂ ਯਿਸੂ ਬਾਰੇ ਕੀਤੀ ਟਿੱਪਣੀ ਤੋਂ ਬਾਅਦ ਈਸਾਈ ਭਾਈਚਾਰੇ ਵੱਲੋਂ ਜਲੰਧਰ ਵਿੱਚ ਨੈਸ਼ਨਲ ਹਾਈਵੇਅ ਬੰਦ ਕਰਨ ਦਾ ਐਲਾਨ ਕੀਤਾ ਗਿਆ ਪਰ ਦੇਰ ਰਾਤ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਵੱਲੋਂ ਇੱਕ ਪਾਸੇ ਸਟੇਜ ਲਗਾ ਕੇ ਭਾਈਚਾਰੇ ਨੂੰ ਧਰਨਾ ਦੇਣ ਲਈ ਮਨਾ ਲਿਆ ਗਿਆ। ਹੁਣ ਭਾਈਚਾਰੇ ਨੇ ਪੀਏਪੀ ਗਰਾਊਂਡ ਦੇ ਸਾਹਮਣੇ ਇੱਕ ਪਾਸੇ ਸਟੇਜ ਲਗਾ ਦਿੱਤੀ ਹੈ ਅਤੇ ਪ੍ਰਦਰਸ਼ਨ ਕਰ ਰਹੀ ਹੈ।

ਰੋਸ ਮੁਜ਼ਾਹਰੇ ਬਾਰੇ ਜਤਿੰਦਰ ਮਸੀਹ ਗੌਰਵ ਨੇ ਕਿਹਾ ਕਿ ਸਾਡਾ ਵਿਰੋਧ ਸਿੱਖ ਭਾਈਚਾਰੇ ਵਿਰੁੱਧ ਨਹੀਂ, ਕੇਵਲ ਵਾਰਿਸ ਪੰਜਾਬੀ ਦੇ ਮੁਖੀ ਅੰਮ੍ਰਿਤਪਾਲ ਵਿਰੁੱਧ ਹੈ, ਜਿਸ ਨੇ ਪ੍ਰਭੂ ਯਿਸੂ ਬਾਰੇ ਵਿਵਾਦਿਤ ਟਿੱਪਣੀ ਕੀਤੀ ਹੈ। ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਕੋਲ ਅਧੂਰਾ ਗਿਆਨ ਹੈ ਅਤੇ ਅਧੂਰਾ ਗਿਆਨ ਸਿਹਤ ਲਈ ਹਾਨੀਕਾਰਕ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਖਿਲਾਫ ਕਾਰਵਾਈ ਕੀਤੀ ਜਾਵੇ, ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਈਸਾਈ ਭਾਈਚਾਰੇ ਦੀ ਤਰਫੋਂ ਮੀਟਿੰਗ ਕਰਕੇ ਵੱਡਾ ਕਦਮ ਚੁੱਕਿਆ ਜਾਵੇਗਾ।

ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਅੰਮ੍ਰਿਤਪਾਲ ਸਿੰਘ ਵੱਲੋਂ ਦਿੱਤੇ ਬਿਆਨ ਵਿਚ ਕਿਹਾ ਗਿਆ ਸੀ ਕਿ ਪ੍ਰਭੂ ਯਸ਼ੂ ਮਸੀਹ ਆਪਣੇ ਆਪ ਨੂੰ ਨਹੀਂ ਬਚਾ ਸਕੇ, ਉਹ ਆਪਣੇ ਲੋਕਾਂ ਦੀ ਰਾਖੀ ਕਿਸ ਤਰ੍ਹਾਂ ਕਰਨਗੇ| ਜਿਸ ਤੋਂ ਬਾਅਦ ਲਗਾਤਾਰ ਮਸੀਹ ਭਾਈਚਾਰੇ ਵੱਲੋਂ ਹੁਣ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ |