ਪੱਛਮ ਬੰਗਾਲ ਵਿਚ ਚੌਥੇ ਪੜਾਅ ਦੀ ਵੋਟਿੰਗ ਦੇ ਵਿਚਾਲੇ ਕਈ ਥਾਵਾਂ ਵਿਚ ਹਿੰਸਕ ਝੜਪ ਦੀਆਂ ਖਬਰਾਂ ਆਈਆਂ ਹਨ। ਕੂਚਬਿਹਾਰ ਦੇ ਸਿਤਾਲਕੁਚੀ ਵਿਚ ਭਾਜਪਾ ਤੇ ਟੀ.ਐਮ.ਸੀ. ਦੇ ਵਰਕਰ ਆਪਸ ਵਿਚ ਭਿੜ ਗਏ। ਇਸ ਝੜਪ ਵਿਚ ਕਈ ਲੋਕ ਜ਼ਖਮੀ ਹੋ ਗਏ। ਪੁਲਸ ਨੇ ਲਾਠੀਚਾਰਜ ਕਰ ਕੇ ਕਿਸੇ ਤਰ੍ਹਾਂ ਨਾਲ ਹਾਲਾਤ ਉੱਤੇ ਕਾਬੂ ਪਾਇਆ। ਓਥੇ ਹੀ ਬੂਥ ਨੰਬਰ 285 ਵਿਚ ਵੋਟਿੰਗ ਕੇਂਦਰ ਦੇ ਬਾਹਰ ਬੰਬ ਸੁੱਟੇ ਗਏ ਤੇ ਗੋਲੀਬਾਰੀ ਹੋਈ। ਪੋਲਿੰਗ ਬੂਥ ਦੇ ਬਾਹਰ ਫਾਇਰਿੰਗ ਵਿਚਾਲੇ ਵੋਟ ਪਾਉਣ ਆਏ ਨੌਜਵਾਨ ਦੀ ਮੌਤ ਹੋ ਗਈ।
ਇਸ ਵਿਚਾਲੇ ਬੰਗਾਲ ਪੁਲਸ ਨੇ ਦਾਅਵਾ ਕੀਤਾ ਹੈ ਕਿ ਕੇਂਦਰੀ ਬਲਾਂ ਦੀ ਫਾਇਰਿੰਗ ਵਿਚ ਕੂਚਬਿਹਾਰ ਵਿਚ ਚਾਰ ਲੋਕਾਂ ਦੀ ਮੌਚ ਹੋ ਗਈ। ਸੂਤਰਾਂ ਮੁਤਾਬਕ 10 ਵਜੇ ਦੇ ਨੇੜੇ ਸਿਤਾਲਕੁਚੀ ਵਿਚ ਘਟਨਾ ਉਦੋਂ ਹੋਈ ਜਦੋਂ ਕਵਿਕ ਰਿਸਪਾਂਸ ਟੀਮ (ਕਿਊਆਰਟੀ) ਉੱਤੇ ਵੋਟਿੰਗ ਖੇਤਰ ਦਾ ਚੱਕਰ ਲਾਉਂਦੇ ਹੋਏ ਦਹਿਸ਼ਤਗਰਦਾਂ ਵਲੋਂ ਕਥਿਤ ਰੂਪ ਨਾਲ ਹਮਰਾ ਕੀਤਾ ਗਿਆ।
ਦੱਸਿਆ ਗਿਆ ਕਿ ਦਹਿਸ਼ਤਗਰਦਾਂ ਨੇ ਕਿਊਆਰਟੀ ਦੇ ਵਾਹਨ ਨੂੰ ਨੁਕਸਾਨ ਪਹੁੰਚਾਇਆ, ਜਿਸ ਦੇ ਬਾਅਦ ਸੁਰੱਖਿਆ ਬਲਾਂ ਵਲੋਂ ਪੰਜ ਰੌਂਦ ਫਾਇਰ ਕੀਤੇ ਗਏ, ਜਿਸ ਵਿਚ 4 ਲੋਕਾਂ ਦੀ ਜਾਨ ਚਲੀ ਗਈ। ਓਥੇ ਹੀ TMC ਨੇ ਦਾਅਵਾ ਕੀਤਾ ਹੈ ਕਿ ਬੂਥ ਨੰਬਰ 5/126 ਉੱਤੇ ਹੋਈ ਇਸ ਘਟਨਾ ਵਿਚ ਹਮੀਦੁਲ ਹੱਕ, ਮਨੀਰੂਲ ਹਕਮ ਸਮੀਯੁਲ ਹੱਕ ਤੇ ਅਹਿਮਦ ਹੁਸੈਨ ਦੀ ਮੌਤ ਹੋਈ ਹੈ।
ਓਥੇ ਹੀ ਬੰਗਾਲ ਵਿਧਾਨ ਸਭਾ ਚੋਣਾਂ ਦੇ ਚੌਥੇ ਪੜਾਅ ਦੌਰਾਨ ਹੁਗਲੀ ਵਿਚ ਭਾਜਪਾ ਉਮੀਦਵਾਰ ਲਾਕੇਟ ਚਟਰਜੀ ਦੀ ਕਾਰ ਉੱਤੇ ਹਮਲਾ ਕੀਤਾ ਗਿਆ। ਇਸ ਹਮਲੇ ਵਿਚ ਭਾਜਪਾ ਉਮੀਦਵਾਰ ਲਾਕੇਟ ਚਟਰਜੀ ਦੀ ਕਾਰ ਦੇ ਸ਼ੀਸ਼ੇ ਟੁੱਟ ਗਏ। ਉਨ੍ਹਾਂ ਦੇ ਸੁਰੱਖਿਆ ਕਰਮਚਾਰੀਆਂ ਨੇ ਕਿਸੇ ਤਰ੍ਹਾਂ ਉਨ੍ਹਾਂ ਨੂੰ ਮੌਕੇ ਤੋਂ ਕੱਢਿਆ। ਚਟਰਜੀ ਨੇ ਇਸ ਹਮਲੇ ਦਾ ਦੋਸ਼ ਟੀ.ਐਮ.ਸੀ. ਦੇ ਲੋਕਾਂ ਉੱਤੇ ਲਾਇਆ ਹੈ। ਓਥੇ ਹੁਗਲੀ ਵਿਚ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਨੂੰ ਕਵਰ ਕਰ ਰਹੇ ਮੀਡੀਆ ਦੀਆਂ ਗੱਡੀਆਂ ਉੱਤੇ ਵੀ ਸਥਾਨਕ ਲੋਕਾਂ ਨੇ ਹਮਲਾ ਕੀਤਾ।