Viral Video: ਗਾਜ਼ੀਆਬਾਦ 'ਚ ਚੋਰਾਂ ਦੀ ਦਰਿਆਦਿਲੀ, ਲੱਖਾਂ ਰੁਪਏ ਦੇ ਚੋਰੀ ਕੀਤੇ ਗਹਿਣਿਆਂ ਦਾ ਵਾਪਸ ਭੇਜਿਆ ਪਾਰਸਲ

ਗਾਜ਼ੀਆਬਾਦ ਤੋਂ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਮਹਿਲਾ ਅਧਿਆਪਕਾ ਦੇ ਘਰ ਲੁੱਟਣ ਤੋਂ ਕੁਝ ਦਿਨ ਬਾਅਦ ਚੋਰਾਂ ਨੇ 4 ਲੱਖ ਰੁਪਏ ਦੇ ਗਹਿਣੇ ਵਾਪਸ ਕਰ ਦਿੱਤੇ...

ਗਾਜ਼ੀਆਬਾਦ ਤੋਂ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਮਹਿਲਾ ਅਧਿਆਪਕਾ ਦੇ ਘਰ ਲੁੱਟਣ ਤੋਂ ਕੁਝ ਦਿਨ ਬਾਅਦ ਚੋਰਾਂ ਨੇ 4 ਲੱਖ ਰੁਪਏ ਦੇ ਗਹਿਣੇ ਵਾਪਸ ਕਰ ਦਿੱਤੇ। ਇਸ ਮਾਮਲੇ ਨੇ ਲੁੱਟ ਦਾ ਸ਼ਿਕਾਰ ਹੋਏ ਲੋਕਾਂ ਦੇ ਨਾਲ-ਨਾਲ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀਆਂ ਨੂੰ ਵੀ ਹੈਰਾਨ ਕਰ ਦਿੱਤਾ ਹੈ।

ਦੱਸ ਦਈਏ ਕਿ ਮਹਿਲਾ ਅਧਿਆਪਕਾ ਦੇ ਫਲੈਟ 'ਚੋਂ 25 ਹਜ਼ਾਰ ਦੀ ਨਕਦੀ ਅਤੇ 14 ਲੱਖ ਦੇ ਗਹਿਣੇ ਚੋਰੀ ਹੋ ਗਏ। ਜ਼ਿਕਰਯੋਗ ਹੈ ਕਿ ਪ੍ਰੀਤੀ ਦੀਵਾਲੀ ਮਨਾਉਣ ਲਈ ਆਪਣੇ ਘਰ ਗਈ ਸੀ ਅਤੇ ਜਦੋਂ ਉਹ ਵਾਪਸ ਆਈ ਤਾਂ ਉਸ ਦੇ ਫਲੈਟ ਦੇ ਤਾਲੇ ਅਤੇ ਅਲਮਾਰੀਆਂ ਦੇ ਤਾਲੇ ਟੁੱਟੇ ਹੋਏ ਸਨ ਅਤੇ ਅੰਦਰ ਰੱਖੀ ਨਕਦੀ ਦੇ ਨਾਲ-ਨਾਲ ਗਹਿਣੇ ਵੀ ਗਾਇਬ ਸਨ। ਇਸ ਤੋਂ ਤੁਰੰਤ ਬਾਅਦ ਸਬੰਧਤ ਥਾਣੇ ਵਿੱਚ ਐਫ.ਆਈ.ਆਰ. ਦਰਜ਼ ਕਰਵਾਈ।  ਲੁੱਟ ਦਾ ਸ਼ਿਕਾਰ ਹੋਈ ਪ੍ਰੀਤੀ ਸੋਹੀ ਜੋ ਮੂਲ ਰੂਪ ਤੋਂ ਬੁਲੰਦਸ਼ਹਿਰ ਦੀ ਰਹਿਣ ਵਾਲੀ ਹੈ। ਉਹ ਗਾਜ਼ੀਆਬਾਦ ਦੇ ਰਾਜਨਗਰ ਐਕਸਟੈਂਸ਼ਨ 'ਤੇ ਸਥਿਤ ਫਾਰਚੂਨ ਰੈਜ਼ੀਡੈਂਸੀ ਦੀ ਵਸਨੀਕ ਹੈ। 
ਖਬਰਾਂ ਮੁਤਾਬਕ 29 ਅਕਤੂਬਰ ਨੂੰ ਕੋਰੀਅਰ ਬੁਆਏ ਪ੍ਰੀਤੀ ਦੇ ਘਰ ਪਾਰਸਲ ਦੇਣ ਆਇਆ ਸੀ। ਪੈਕਟ ਖੋਲ੍ਹਣ 'ਤੇ ਕੋਰੀਅਰ ਦੇ ਅੰਦਰੋਂ 4 ਲੱਖ ਰੁਪਏ ਦੇ ਚੋਰੀ ਹੋਏ ਗਹਿਣੇ ਪਾਏ ਗਏ ਜੋ ਕੁਝ ਦਿਨ ਪਹਿਲਾਂ ਚੋਰੀ ਹੋਏ ਸਨ। ਉਥੇ ਆਰਟੀਫਿਸ਼ੀਅਲ ਗਹਿਣਿਆਂ ਦਾ ਇੱਕ ਡੱਬਾ ਵੀ ਸੀ ਜੋ ਉਸ ਦਿਨ ਚੋਰੀ ਹੋ ਗਿਆ ਸੀ। ਇਸ ਤੋਂ ਤੁਰੰਤ ਬਾਅਦ ਪ੍ਰੀਤੀ ਨੇ ਕੋਰੀਅਰ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਅਤੇ ਅੱਗੇ ਦੀ ਜਾਂਚ ਵਿੱਚ ਸਾਹਮਣੇ ਆਇਆ ਕਿ ਇਹ ਪਾਰਸਲ ਰਾਜਦੀਪ ਜਵੈਲਰਜ਼ ਹਾਪੁੜ ਦੇ ਨਾਂ 'ਤੇ ਭੇਜਿਆ ਗਿਆ ਸੀ। ਗਾਜ਼ੀਆਬਾਦ ਪੁਲਸ ਨੂੰ ਇਲਾਕੇ 'ਚ ਪਹੁੰਚਣ 'ਤੇ ਪਤਾ ਲੱਗਾ ਕਿ ਅਸਲ 'ਚ ਇਸ ਤਰ੍ਹਾਂ ਦੀ ਕੋਈ ਦੁਕਾਨ ਨਹੀਂ ਹੈ।

ਡੀਟੀਡੀਸੀ ਕੋਰੀਅਰ ਸੈਂਟਰ ਜਿੱਥੋਂ ਪਾਰਸਲ ਡਿਲੀਵਰ ਕੀਤਾ ਗਿਆ ਸੀ, ਨੇ ਜਾਂਚ ਦੌਰਾਨ ਖੁਲਾਸਾ ਕੀਤਾ ਕਿ 2 ਲੜਕਿਆਂ ਨੇ ਪਾਰਸਲ ਬੁੱਕ ਕਰਵਾਇਆ ਸੀ।  ਕੋਰੀਅਰ ਸੈਂਟਰ ਵਿੱਚ ਲੱਗੇ ਸੀਸੀਟੀਵੀ ਫੁਟੇਜ ਪੁਲੀਸ ਲਈ ਅਹਿਮ ਸਬੂਤ ਬਣ ਗਏ ਹਨ ਅਤੇ ਉਸ ਦੀ ਮਦਦ ਨਾਲ ਸ਼ੱਕੀ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।