ਲੁਧਿਆਣਾ ਵਿੱਚ ਕਾਨੂੰਨ ਵਿਵਸਥਾ ਇੱਕ ਵਾਰ ਫਿਰ ਸਵਾਲਾਂ ਦੇ ਘੇਰੇ 'ਚ ਹੈ ਜਿਥੇ ਸਰੇਆਮ ਲੁਟੇਰਿਆਂ ਦੇ ਵਲੋਂ ਆਮ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਇਹ ਘਟਨਾ ਹੈਬੋਵਾਲ ਦੇ ਨਿਊ ਟੈਗੋਰ ਨਗਰ ਦੀ ਹੈ ਜਿਥੇ ਸਕੂਟੀ ਸਵਾਰਾਂ ਲੁਟੇਰਿਆਂ ਨੇ ਇੱਕ ਨੌਜਵਾਨ ਤੋਂ ਮੋਬਾਈਲ ਖੋਹ ਲਿਆ ਅਤੇ ਫ਼ਰਾਰ ਹੋ ਗਏ। ਨੌਜਵਾਨ ਗਲੀ ਵਿੱਚ ਖੜ੍ਹਾ ਆਪਣਾ ਮੋਬਾਈਲ ਚੈੱਕ ਕਰ ਰਿਹਾ ਸੀ। ਨੌਜਵਾਨ ਵੱਲੋਂ ਲੁਟੇਰਿਆਂ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਸਕੂਟੀ ਸਵਾਰ ਫ਼ਰਾਰ ਹੋ ਗਏ।
ਜਾਣਕਾਰੀ ਮੁਤਾਬਿਕ ਮੁਬਾਇਕਲ ਲੁੱਟਣ ਵਾਲੇ ਨੌਜਵਾਨਾਂ ਨੇ ਆਪਣੀ ਸਕੂਟੀ ਦਾ ਨੰਬਰ ਵੀ ਮਿਟਾ ਰੱਖਿਆ ਸੀ ਤਾਂ ਜੋ ਨੰਬਰ ਟਰੇਸ ਨਾ ਹੋ ਸਕੇ। ਮੋਬਾਈਲ ਖੋਹਣ ਦੀ ਘਟਨਾ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਨੌਜਵਾਨ ਨੇ ਪੁਲਿਸ ਨੂੰ ਲੁਟੇਰਿਆਂ ਨੂੰ ਫੜਨ ਦੀ ਮੰਗ ਕੀਤੀ ਹੈ।
ਜ਼ਿਕਰਯੋਗ ਹੈ ਕਿ ਲੁਧਿਆਣਾ 'ਚ ਵੱਧਦੇ ਹਰ ਦਿਨ ਦੇ ਜੁਰਮ ਤੋਂ ਪ੍ਰੇਸ਼ਾਨ ਲੋਕਾਂ ਦਾ ਕਹਿਣਾ ਹੈ ਕਿ ਇੱਥੇ ਘਰਾਂ ਦੇ ਬਾਹਰ ਖੜ੍ਹਨਾ ਵੀ ਮੁਸ਼ਕਿਲ ਹੋ ਗਿਆ ਹੈ। ਕਈ ਵਾਰ ਇਲਾਕੇ ਵਿੱਚ ਰਹਿਣ ਵਾਲੀਆਂ ਔਰਤਾਂ ਦੇ ਕੰਨਾਂ ਦੀਆਂ ਵਾਲੀਆਂ ਵੀ ਖੋਹੀਆਂ ਗਈਆਂ ਹਨ। ਪੁਲੀਸ ਦੀ ਗਸ਼ਤ ਦੀ ਘਾਟ ਕਾਰਨ ਇਸ ਖੇਤਰ ਵਿੱਚ ਅਪਰਾਧ ਵਧਦਾ ਜਾ ਰਿਹਾ ਹੈ। ਲੁੱਟ-ਖੋਹ ਦੀਆਂ ਘਟਨਾਵਾਂ ਇੰਨੀਆਂ ਵੱਧ ਗਈਆਂ ਹਨ ਕਿ ਹੁਣ ਲੋਕ ਪੁਲਸ ਕੋਲ ਸ਼ਿਕਾਇਤ ਕਰਨ ਤੱਕ ਵੀ ਨਹੀਂ ਜਾਂਦੇ ਕਿਉਂਕਿ ਪੁਲਸ ਇਸ ਮਾਮਲੇ 'ਚ ਲੋਕਾਂ ਦੀ ਹੀ ਗਲਤੀ ਕੱਢਣ ਲੱਗ ਜਾਂਦੀ ਹੈ।