ਵਿਸ਼ਵ ਸਿਹਤ ਸੰਗਠਨ ਨੇ ਬੁੱਧਵਾਰ ਨੂੰ ਇਕ ਚਿਤਾਵਨੀ ਜਾਰੀ ਕਰ ਕੇ ਕਿਹਾ ਹੈ ਕਿ ਯੂਰਪੀ ਦੇਸ਼ਾਂ ਵਿਚ ਕੋਰੋਨਾ ਬਹੁਤ ਤੇਜ਼ੀ ਨਾਲ ਵਧ ਰਿਹਾ ਹੈ। ਸੰਗਠਨ ਮੁਤਾਬਕ ਕ੍ਰਿਸਮਸ ਦੇ ਜਸ਼ਨ ਦੌਰਾਨ ਜੇ ਮਾਸਕ ਅਤੇ ਸੋਸ਼ਲ ਡਿਸਟੈਂਸਿੰਗ ਨਾਲ ਜੁੜੇ ਨਿਯਮਾਂ ਦਾ ਪਾਲਣ ਨਹੀਂ ਕੀਤਾ ਗਿਆ ਤਾਂ ਇਨ੍ਹਾਂ ਦੇਸ਼ਾਂ ਵਿਚ ਹਾਲਾਤ ਕਾਫੀ ਖਰਾਬ ਹੋ ਸਕਦੇ ਹਨ। ਸੰਸਥਾ ਨੇ ਕਿਹਾ ਕਿ ਜੇ ਲੋਕਾਂ ਨੇ ਕ੍ਰਿਸਮਸ ਉੱਤੇ ਚਰਚ ਜਾਣ ਅਤੇ ਫਿਰ ਪਾਰਟੀ ਕਰਨ ਦੌਰਾਨ ਮਾਸਕ ਨਹੀਂ ਪਾਏ ਤਾਂ ਆਉਣ ਵਾਲੇ ਪੂਰੇ ਸਾਲ ਵੀ ਇਸ ਮਹਾਮਾਰੀ ਨਾਲ ਜੂਝਣਾ ਪੈ ਸਕਦਾ ਹੈ।
ਵਿਸ਼ਵ ਸਿਹਤ ਸੰਗਠਨ ਨੇ ਇਟਲੀ, ਬ੍ਰਿਟੇਨ, ਸਪੇਨ, ਜਰਮਨੀ ਅਤੇ ਫਰਾਂਸ ਜਿਹੇ ਦੇਸ਼ਾਂ ਤੋਂ ਇਨ੍ਹਾਂ ਨਿਯਮਾਂ ਦਾ ਸਖਤੀ ਨਾਲ ਪਾਲਣ ਕਰਾਉਣ ਲਈ ਕਿਹਾ ਹੈ। ਇਸ ਤੋਂ ਇਲਾਵਾ ਲੋਕਾਂ ਦੇ ਇਕੱਠਾ ਹੋਣ ਅਤੇ ਕ੍ਰਿਸਮਸ ਪਾਰਟੀਆਂ ਵਿਚ ਤੈਅ ਲਿਮਿਟ ਤੋਂ ਜ਼ਿਆਦਾ ਲੋਕਾਂ ਦੇ ਸ਼ਾਮਲ ਹੋਣ ਉੱਤੇ ਸਖਤੀ ਨਾਲ ਰੋਕ ਲਗਾਉਣ ਦੇ ਲਈ ਵੀ ਕਿਹਾ ਹੈ। ਸੰਗਠਨ ਨੇ ਕਿਹਾ ਕਿ ਜੇ ਲੋਕ ਪਾਰਟੀ ਵੀ ਕਰਨਾ ਚਾਹੁੰਦੇ ਹਨ ਤਾਂ ਘਰ ਤੋਂ ਬਾਹਰ ਖੁੱਲੇ ਮੈਦਾਨ ਵਿਚ ਜਾਂ ਵਿਹੜੇ ਵਿਚ ਕਰਨ। ਬੰਦ ਕਮਰੇ ਕਾਫੀ ਖਤਰਨਾਕ ਸਾਬਿਤ ਹੋ ਸਕਦੇ ਹਨ।
ਓਧਰ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਉੱਤੇ ਕ੍ਰਿਸਮਸ ਦੌਰਾਨ ਕੋਰੋਨਾ ਨਾਲ ਸਬੰਧੀ ਪਾਬੰਦੀਆਂ ਵਿਚ ਢਿੱਲ ਦੇਣ ਦਾ ਦਬਾਅ ਬਣਿਆ ਹੋਇਆ ਹੈ। ਕਈ ਹੋਰ ਨੇਤਾਵਾਂ ਅਤੇ ਚਰਚ ਪ੍ਰਤੀਨਿਧੀਆਂ ਨੇ ਪ੍ਰਧਾਨ ਮੰਤਰੀ ਨੂੰ ਇਨ੍ਹਾਂ ਪਾਬੰਦੀਆਂ ਵਿਚ ਢਿੱਲ ਦੇਣ ਦੀ ਅਪੀਲ ਕੀਤੀ ਹੈ, ਦਿਲ ਨਾਲ ਲੋਕ ਕ੍ਰਿਸਮਸ ਮਨਾ ਸਕਣ।