ਟੋਕੀਓ(ਬਿਊਰੋ)— ਜਾਪਾਨ ਦੇ 'ਹੇਨ ਨਾ' ਦੁਨੀਆ ਦਾ ਪਹਿਲਾ ਅਜਿਹਾ ਹੋਟਲ ਹੈ, ਜਿੱਥੇ ਲੋਕਾਂ ਦੀ ਸਹੂਲਤ ਲਈ 243 ਰੋਬੋਟ ਰੱਖੇ ਗਏ ਸਨ। ਇਸ ਦਾ ਨਾਂ ਗਿੰਨੀਜ਼ ਵਰਲਡ ਰਿਕਾਰਡਸ 'ਚ ਵੀ ਦਰਜ ਕੀਤਾ ਗਿਆ ਹੈ ਪਰ ਲੋਕਾਂ ਨੂੰ ਇੱਥੇ ਸਟਾਫ ਰੋਬੋਟ ਤੋਂ ਕੁਝ ਦਿੱਕਤਾਂ ਆ ਰਹੀਆਂ ਸਨ, ਜਿਸ ਕਾਰਨ ਹੋਟਲ 'ਚੋਂ 123 ਰੋਬੋਟ ਹਟਾ ਦਿੱਤੇ ਗਏ ਹਨ। ਜੀ ਹਾਂ, ਹੋਟਲ 'ਚ ਆਉਣ ਵਾਲੇ ਲੋਕਾਂ ਮੁਤਾਬਕ ਰੋਬੋਟ ਉਨ੍ਹਾਂ ਨੂੰ ਨੀਂਦ 'ਚ ਖਰਾਟੇ ਮਾਰਦੇ ਸਮੇਂ ਜਗਾ ਦਿੰਦੇ ਸਨ। ਉੱਥੇ ਦੂਜੇ ਪਾਸੇ ਕਰਮਚਾਰੀ ਓਵਰਟਾਈਮ 'ਚ ਖ਼ਰਾਬ ਰੋਬੋਟਾਂ ਨੂੰ ਠੀਕ ਕਰਨ ਦਾ ਕੰਮ ਕਰਦੇ ਸਨ। ਸਟਾਫ ਮੈਂਬਰਾਂ ਦਾ ਕਹਿਣਾ ਹੈ ਕਿ ਰੋਬੋਟ ਆਉਣ ਨਾਲ ਉਨ੍ਹਾਂ ਦਾ ਕੰਮ ਕਾਫੀ ਅਸਾਨ ਹੋ ਗਿਆ ਸੀ, ਕਿਉਂਕਿ ਉਨ੍ਹਾਂ ਨੂੰ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਵਾਰ-ਵਾਰ ਜਾਣਾ ਨਹੀਂ ਪੈਂਦਾ ਸੀ। 2015 'ਚ ਇਹ ਹੋਟਲ ਜਾਪਾਨ ਦੇ ਸਾਸੇਬੋ 'ਚ ਖੋਲ੍ਹਿਆ ਗਿਆ ਸੀ, ਜਿਸ ਨੂੰ ਕਾਫੀ ਸ਼ੌਹਰਤ ਮਿਲੀ ਸੀ।
ਸ਼ੁਰੂਆਤ 'ਚ ਇਸ ਹੋਟਲ 'ਚ 80 ਰੋਬੋਟ ਰੱਖੇ ਗਏ ਸਨ ਪਰ ਬਾਅਦ 'ਚ ਇਨ੍ਹਾਂ ਦੀ ਗਿਣਤੀ ਵਧਾ ਦਿੱਤੀ ਗਈ ਸੀ। ਜਲਦੀ ਹੀ ਹੋਟਲ 'ਚ ਸ਼ਿਕਾਇਤਾਂ ਆਉਣੀਆਂ ਸ਼ੁਰੂ ਹੋ ਗਈਆਂ। ਹੋਟਲ ਮਾਲਕ ਦਾ ਕਹਿਣਾ ਹੈ ਕਿ ਹੋਟਲ 'ਚ ਰੋਬੋਟ ਰੱਖਣ ਦਾ ਆਈਡੀਆ ਉਸ ਦਾ ਨਹੀਂ ਸੀ। ਮੈਨੇਜ਼ਰਾਂ ਨੇ ਦੱਸਿਆ ਕਿ ਖ਼ਰਾਬ ਰਿਪੋਰਟ ਆਉਣ ਕਾਰਨ ਪੂਰੇ ਹੋਟਲ' ਚੋਂ ਰੋਬੋਟਸ ਨੂੰ ਹਟਾ ਦਿੱਤਾ ਗਿਆ ਹੈ। ਇਸ 'ਚ ਰਿਸੈਪਸ਼ਨ 'ਤੇ ਖੜ੍ਹੇ ਰੋਬੋਟ ਨੂੰ ਵੀ ਹਟਾ ਦਿੱਤਾ ਹੈ ਕਿਉਂਕਿ ਉਹ ਗੈਸਟ ਨੂੰ ਫਲਾਈਟਸ ਦਾ ਸ਼ੈਡਿਊਲ ਤੇ ਹੋਰ ਸੁਵਿਧਾਵਾਂ ਮੁਹੱਈਆ ਨਹੀਂ ਕਰਵਾ ਪਾ ਰਿਹਾ ਸੀ। ਇਸ ਤੋਂ ਇਲਾਵਾ ਸਾਮਾਨ ਚੁੱਕਣ ਵਾਲੇ ਰੋਬੋਟ ਨੂੰ ਵੀ ਕੱਢ ਦਿੱਤਾ ਗਿਆ ਹੈ, ਕਿਉਂਕਿ ਉਹ 100 'ਚੋਂ ਸਿਰਫ 24 ਕਮਰਿਆਂ 'ਚ ਹੀ ਜਾ ਪਾ ਰਿਹਾ ਸੀ।