ਯੋਗਰਾਜ ਦੀ ਭਵਿੱਖਬਾਣੀ ਹੋਈ ਸੱਚ! ਟੀਮ ਇੰਡੀਆ ਦੇ ਇਤਿਹਾਸ ਰਚਣ 'ਚ ਪੰਜਾਬ ਦੇ ਸ਼ੁਭਮਨ ਗਿੱਲ ਦਾ ਅਹਿਮ ਯੋਗਦਾਨ

ਭਾਰਤੀ ਕ੍ਰਿਕਟ ਟੀਮ ਨੇ ਅੱਜ ਇਤਿਹਾਸ ਰਚ ਦਿੱਤਾ ਹੈ। ਬ੍ਰਿਸਬੇਨ ਵਿਚ ਖੇਡੇ ਗਏ ਚੌਥੇ ਟੈਸਟ...

ਭਾਰਤੀ ਕ੍ਰਿਕਟ ਟੀਮ ਨੇ ਅੱਜ ਇਤਿਹਾਸ ਰਚ ਦਿੱਤਾ ਹੈ। ਬ੍ਰਿਸਬੇਨ ਵਿਚ ਖੇਡੇ ਗਏ ਚੌਥੇ ਟੈਸਟ ਵਿਚ ਭਾਰਤ ਨੇ ਆਸਟਰੇਲੀਆ ਨੂੰ 5 ਵਿਕਟਾਂ ਨਾਲ ਮਾਤ ਦਿੰਦੇ ਹੋਏ ਟੈਸਟ ਸੀਰੀਜ਼ 2-1 ਨਾਲ ਆਪਣੇ ਨਾਂ ਕਰ ਲਈ ਹੈ। ਬ੍ਰਿਸਬੇਨ ਵਿਚ 33 ਸਾਲ ਦੇ ਇਤਿਹਾਸ ਵਿਚ ਆਸਟਰੇਲੀਆ ਕਦੇ ਨਹੀਂ ਹਾਰਿਆ ਸੀ। ਖੈਰ ਇਸ ਇਤਿਹਾਸਕ ਜਿੱਤ ਵਿਚ ਅਹਿਮ ਯੋਗਦਾਨ ਦੇਣ ਵਾਲੇ ਪੰਜਾਬ ਦੇ ਸ਼ੁਭਮਨ ਗਿੱਲ ਬਾਰੇ ਭਾਰਤੀ ਕ੍ਰਿਕਟ ਟੀਮ ਦੇ ਦਿੱਗਜ ਖਿਡਾਰੀ ਤੇ ਪੰਜਾਬੀ ਸਿਨੇਮਾ ਦੇ ਸਾਬਕਾ ਅਦਾਕਾਰ ਯੋਗਰਾਜ ਦੀ ਭਵਿੱਖਬਾਣੀ ਸੱਚ ਹੁੰਦੀ ਦਿਖਾਈ ਦਿੱਤੀ ਹੈ।

ਤੁਹਾਨੂੰ ਦੱਸ ਦਈਏ ਕਿ ਅਜੇ ਕੁਝ ਹੀ ਦਿਨ ਪਹਿਲਾਂ ਯੋਗਰਾਜ ਸਿੰਘ ਨੇ ਸ਼ੁਭਮਨ ਗਿੱਲ ਦਾ ਸਮਰਥਨ ਕਰਦਿਆਂ ਕਿਹਾ ਸੀ ਕਿ ਆਉਣ ਵਾਲੇ ਦਿਨਾਂ ਵਿਚ ਇਹ ਲੜਕਾ ਨਵੀਂ ਬੁਲੰਦੀਆਂ ਨੂੰ ਛੋਹੇਗਾ ਤੇ ਉਨ੍ਹਾਂ ਦਾ ਮੰਨਣਾ ਹੈ ਕਿ ਅਜਿਹੇ ਨੌਜਵਾਨਾਂ ਦੇ ਨਾਲ ਭਾਰਤੀ ਕ੍ਰਿਕਟ ਇਤਿਹਾਸ ਰਚੇਗੀ। ਇਸ ਦੌਰਾਨ ਉਨ੍ਹਾਂ ਨੇ ਸ਼ੁਭਮਨ ਬਾਰੇ ਗੱਲ ਕਰਦਿਆਂ ਕਿਹਾ ਕਿ ਉਹ ਬਹੁਤ ਟੈਲੇਂਟਡ, ਵਧੀਆ ਖਿਡਾਰੀ ਹਨ। ਜੇਕਰ ਅੱਜ ਦੀ ਸ਼ੁਭਮਨ ਗਿੱਲ ਦੀ ਪਾਰੀ ਦੇਖੀ ਜਾਵੇ ਤਾਂ ਉਨ੍ਹਾਂ ਨੇ ਆਪਣੀ ਬੱਲੇਬਾਜ਼ੀ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ। ਸ਼ੁਭਮਨ ਗਿੱਲ ਨੇ ਬਤੌਰ ਓਪਨਰ ਬ੍ਰਿਸਬੇਨ ਟੈਸਟ ਦੀ ਚੌਥੀ ਪਾਰੀ ਵਿਚ, ਜੋ ਟੈਸਟ ਕ੍ਰਿਕੇਟ ਵਿਚ ਸਭ ਤੋਂ ਮੁਸ਼ਕਲ ਹੁੰਦੀ ਹੈ, ਉਨ੍ਹਾਂ ਹਾਲਾਤ ਵਿਚ ਬਹੁਤ ਵਧੀਆ ਪ੍ਰਦਰਸ਼ਨ ਕਰਦਿਆਂ 91 ਦੌੜਾਂ ਬਣਾਈਆਂ। ਸ਼ੁਭਮਨ ਗਿੱਲ ਦੀ ਪਾਰੀ ਵਿਚ 8 ਚੌਕੇ ਅਤੇ 2 ਛੱਕੇ ਸ਼ਾਮਿਲ ਸਨ।  ਉਨ੍ਹਾਂ ਨੇ ਪੁਜਾਰਾ ਨਾਲ ਮਿਲਕੇ 114 ਰਨਾਂ ਦੀ ਪਾਰਟਨਰਸ਼ਿਪ ਕੀਤੀ। ਸ਼ੁਭਮਨ ਗਿੱਲ ਨੇ ਇਹ ਪਾਰੀ ਖੇਡ ਕੇ ਦੱਸਿਆ ਕਿ ਉਹ ਆਉਣ ਵਾਲੇ ਸਮੇਂ ਵਿਚ ਭਾਰਤ ਦੇ ਸੁਪਰ ਸਟਾਰ ਖਿਡਾਰੀ ਬਣ ਸਕਦੇ ਹਨ। ਸ਼ੁਭਮਨ ਗਿੱਲ ਨੇ ਕੰਗਾਰੂਆਂ ਖਿਲਾਫ ਉਨ੍ਹਾਂ ਦੇ  ਹੀ ਘਰ ਵਿਚ ਆਪਣਾ ਲੋਹਾ ਮਣਵਾਇਆ ਹੈ।

ਜ਼ਿਕਰਯੋਗ ਹੈ ਕਿ ਭਾਰਤ ਨੇ ਲਗਾਤਾਰ ਦੂਜੀ ਵਾਰ ਆਸਟਰੇਲੀਆ ਨੂੰ ਉਸੇ ਦੇ ਘਰ ਵਿਚ ਹੀ ਟੈਸਟ ਸੀਰੀਜ਼ ਵਿਚ ਮਾਤ ਦਿੱਤੀ ਹੈ। ਪਿਛਲੀ ਵਾਰ ਭਾਰਤ ਨੇ ਆਸਟਰੇਲੀਆ ਨੂੰ ਉਸੇ ਦੇ ਘਰ ਵਿਚ 2018-19 ਟੈਸਟ ਸੀਰੀਜ਼ ਵਿਚ 2-1 ਨਾਲ ਹਰਾਇਆ ਸੀ। ਭਾਰਤੀ ਟੀਮ ਨੇ ਬਾਰਡਰ-ਗਾਵਸਕਰ ਟਰਾਫੀ ਲਗਾਤਾਰ ਤੀਜੀ ਵਾਰ ਆਪਣੇ ਨਾਂ ਕਰ ਜਿੱਤ ਦੀ ਹੈਟਰਿਕ ਲਗਾਈ ਹੈ। ਇਸ ਤੋਂ ਪਹਿਲਾਂ ਭਾਰਤ ਨੇ ਪਿਛਲੇ ਦਿਨੀਂ ਸੀਰੀਜ਼ ਜਿੱਤ ਕੇ ਬਾਰਡਰ-ਗਾਵਸਕਰ ਟਰਾਫੀ ਉੱਤੇ ਕਬਜ਼ਾ ਕੀਤਾ ਸੀ। 2018-19 ਵਿਚ ਪਿਛਲੇ ਆਸਟਰੇਲੀਆਈ ਦੌਰੇ ਵਿਚ ਭਾਰਤ ਨੇ 2-1 ਨਾਲ ਅਤੇ ਇਸ ਤੋਂ ਪਹਿਲਾਂ 2017-17 ਵਿਚ ਭਾਰਤ ਨੇ ਆਪਣੇ ਘਰ ਵਿਚ ਆਸਟਰੇਲੀਆ ਨੂੰ ਇੰਨੇ ਹੀ ਫਰਕ ਨਾਲ ਮਾਤ ਦਿੱਤੀ ਸੀ।

Get the latest update about Yograj singh, check out more about Team India, Shubhaman Gills, Cricket & prophecy

Like us on Facebook or follow us on Twitter for more updates.